ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਅਤੇ ਰੈਲੀ ਰੱਦ ਤੋਂ ਬਾਅਦ ਜੋ ਧੂੰਆਂ ਉੱਠ ਰਿਹਾ ਉਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋ ਟੁੱਕ ਗੱਲ ਆਖੀ ਹੈ। ਪੰਜਾਬ ਦੀ ਰਾਸ਼ਟਰਵਾਦੀ ਸਾਖ਼ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਕਿ ਪੰਜਾਬੀਆਂ ਨੇ ਕਦੇ ਵੀ ਦੇਸ਼ ਲਈ ਕੁਰਬਾਨੀਆਂ ਕਰਨ ਤੋਂ ਝਿਜਕ ਨਹੀਂ ਦਿਖਾਈ ਅਤੇ ਉਹ ਵੀ ਦੇਸ਼ ਦੇ ਹੋਰ ਵਰਗਾਂ ਵਾਂਗ ਦੇਸ਼ ਭਗਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਫਿਰੋਜ਼ਪੁਰ ਵਿਖੇ ਬਿਨਾਂ ਸੰਬੋਧਨ ਕੀਤੇ ਵਾਪਸ ਚਲੇ ਜਾਣ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਰੈਲੀ ਵਾਲੀ ਥਾਂ ‘ਤੇ ਸਿਰਫ਼ 700 ਲੋਕ ਪੁੱਜੇ ਸਨ, ਜਿਸ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਕਦਮ ਪਿੱਛੇ ਮੋੜਨ ਲਈ ਮਜਬੂਰ ਕੀਤਾ ਅਤੇ ਬਾਅਦ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਦਾ ਬਹਾਨਾ ਲਾਉਂਦੇ ਹੋਏ ਦੋਸ਼ ਪੰਜਾਬ ਸਰਕਾਰ ‘ਤੇ ਮੜ੍ਹ ਦਿੱਤਾ ਗਿਆ।
ਮੁੱਖ ਮੰਤਰੀ ਚੰਨੀ ਨੇ ਕਿਹਾ, “ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਨਿਰਧਾਰਤ ਰੈਲੀ ਤੋਂ ਪੰਜ ਦਿਨ ਪਹਿਲਾਂ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ.ਪੀ.ਜੀ.) ਨੇ ਲੈਂਡਿੰਗ ਸਪਾਟ, ਰੈਲੀ ਵਾਲੀ ਥਾਂ ਅਤੇ ਹਰੇਕ ਸੁਰੱਖਿਆ ਵੇਰਵੇ ਲੈ ਲਏ ਸਨ ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇ ਅਚਾਨਕ ਜ਼ਮੀਨੀ ਰਸਤਾ ਫੜ ਲਿਆ ਜੋ ਕਿ ਐਸ.ਪੀ.ਜੀ. ਦੁਆਰਾ ਕਲੀਅਰ ਕੀਤਾ ਗਿਆ ਸੀ।” ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਕੋਈ ਖ਼ਤਰਾ ਹੈ ਤਾਂ ਹਰ ਪੰਜਾਬੀ ਦੇਸ਼ ਭਗਤ ਹੋਣ ਨਾਤੇ ਆਪਣਾ ਖੂਨ ਵਹਾਉਣ ਅਤੇ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ, ਜਿਵੇਂ ਕਿ ਉਹ ਪਹਿਲਾਂ ਵੀ ਦੇਸ਼ ਦੀ ਮਾਣ ਅਤੇ ਮਰਿਆਦਾ ਦੀ ਬਹਾਲੀ ਲਈ ਕਰਦੇ ਆਏ ਹਨ।
ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਨੂੰ ਬਦਨਾਮ ਕਰਨਾ ਬੰਦ ਕਰਨ ਲਈ ਕਿਹਾ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਖੁਫੀਆ ਤੰਤਰ ਕੀ ਕਰ ਰਿਹਾ ਹੈ, ਕੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕਿਸੇ ਖਤਰੇ ਦੀ ਸੰਭਾਵਨਾ ਮਹਿਸੂਸ ਕੀਤੀ ਸੀ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਬਦਲੇਖੋਰੀ ਦੀ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਅਤੇ ਇਸ ਗੱਲ ‘ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਕਿ ਲੋਕ, ਖਾਸ ਕਰਕੇ ਕਿਸਾਨ, ਉਨ੍ਹਾਂ ਨੂੰ ਕਿਉਂ ਪਸੰਦ ਨਹੀਂ ਕਰਦੇ।
https://www.facebook.com/thekhabarsaar/