ਨਵੀਂ ਦਿੱਲੀ, 27 ਫਰਵਰੀ 2022 – ਯੂਕਰੇਨ ‘ਤੇ ਰੂਸ ਦਾ ਹਮਲਾ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਯੂਕਰੇਨ ਵਿੱਚ ਜਾਨ-ਮਾਲ ਦੇ ਭਾਰੀ ਨੁਕਸਾਨ ਦੇ ਵਿਚਕਾਰ ਪ੍ਰਮਾਣੂ ਰੇਡੀਏਸ਼ਨ ਦਾ ਖ਼ਤਰਾ ਵਧ ਗਿਆ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੂਸੀ ਹਮਲੇ ਤੋਂ ਬਾਅਦ ਚਰਨੋਬਲ ਪਰਮਾਣੂ ਪਲਾਂਟ ਦੇ ਨੇੜੇ ਰੇਡੀਏਸ਼ਨ ਐਕਸਪੋਜਰ 20 ਗੁਣਾ ਵਧ ਗਿਆ ਹੈ। ਇਸ ਖੇਤਰ ਵਿੱਚ ਰੂਸੀ ਫ਼ੌਜਾਂ ਦੀ ਆਵਾਜਾਈ ਨੇ ਚਾਰੇ ਪਾਸੇ ਰੇਡੀਓਐਕਟਿਵ ਧੂੜ ਫੈਲਾ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਦੱਸਿਆ ਹੈ ਕਿ ਰੂਸੀ ਹਮਲੇ ਵਿਚ 64 ਯੂਕਰੇਨੀ ਨਾਗਰਿਕ ਮਾਰੇ ਗਏ ਹਨ, ਅਤੇ 240 ਜ਼ਖਮੀ ਹੋਏ ਹਨ।
ਯੂਕਰੇਨ ਦੀਆਂ ਫੌਜਾਂ ਪਿਛਲੇ 24 ਘੰਟਿਆਂ ਤੋਂ ਰਾਜਧਾਨੀ ਕੀਵ, ਉੱਤਰ-ਪੂਰਬੀ ਸ਼ਹਿਰ ਖਾਰਕਿਵ ਅਤੇ ਦੱਖਣੀ ਸ਼ਹਿਰ ਖੇਰਸਨ ਵਿੱਚ ਰੂਸੀ ਬਲਾਂ ਨੂੰ ਸਿੱਧਾ ਮੁਕਾਬਲਾ ਦੇ ਰਹੀਆਂ ਹਨ। ਦੂਜੇ ਪਾਸੇ ਰੂਸੀ ਸੈਨਿਕਾਂ ਨੇ ਖਾਰਕਿਵ ਵਿੱਚ ਇੱਕ ਗੈਸ ਪਾਈਪਲਾਈਨ ਨੂੰ ਉਡਾ ਦਿੱਤਾ। ਇਸ ਦੇ ਨਾਲ ਹੀ ਬਾਰਸਿਲਕੀਵ ‘ਚ ਗੋਲੀਬਾਰੀ ਕਾਰਨ ਪੈਟਰੋਲੀਅਮ ਬੇਸ ਨੂੰ ਅੱਗ ਲੱਗ ਗਈ। ਇਸ ਤੋਂ ਇਲਾਵਾ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦੇ ਵਸਿਲਕੀਵ ਸ਼ਹਿਰ ਦੇ ਤੇਲ ਡਿਪੂ ‘ਚ ਅੱਗ ਲੱਗ ਗਈ।
ਰੂਸੀ ਫੌਜ ਨੇ ਕਈ ਸਾਲਾਂ ਤੋਂ ਬੰਦ ਪਏ ਚਰਨੋਬਲ ਨਿਊਕਲੀਅਰ ਪਾਵਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਪਾਵਰ ਪਲਾਂਟ ਉੱਤਰੀ ਯੂਕਰੇਨੀ ਸ਼ਹਿਰ ਚਰਨੋਬਲ ਵਿੱਚ ਅਤੇ ਪ੍ਰਿਪਯਾਤ ਸ਼ਹਿਰ ਦੇ ਨੇੜੇ ਸਥਿਤ ਹੈ। 1986 ਵਿੱਚ, ਚਰਨੋਬਲ ਨਿਊਕਲੀਅਰ ਪਾਵਰ ਪਲਾਂਟ ਦੁਨੀਆ ਦੀ ਸਭ ਤੋਂ ਭਿਆਨਕ ਪ੍ਰਮਾਣੂ ਤਬਾਹੀ ਦਾ ਗਵਾਹ ਸੀ। ਇਸ ਭਿਆਨਕ ਪਰਮਾਣੂ ਦੁਰਘਟਨਾ ਕਾਰਨ ਚਰਨੋਬਲ ਅਤੇ ਪ੍ਰਿਪਯਟ ਦੋਵਾਂ ਸ਼ਹਿਰਾਂ ਤੋਂ ਲੱਖਾਂ ਲੋਕਾਂ ਦੀ ਕੂਚ ਹੋ ਗਈ, ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਅਜੇ ਵੀ ਪਤਾ ਨਹੀਂ ਲੱਗ ਸਕੀ।