ਆਯੁਸ਼ਮਾਨ ਸਕੀਮ ਘੁਟਾਲੇ ”ਚ ਸ਼ਾਮਲ ਕਾਂਗਰਸੀ ਆਗੂਆਂ ਦੇ ਨਾਮ ਨਸ਼ਰ ਕਰੇ ਸਰਕਾਰ : ਹਰਪਾਲ ਚੀਮਾ

  • ਫਰਜ਼ੀ ਬਿੱਲ ਬਣਾਉਣ ਵਾਲੇ ਹਸਪਤਾਲਾਂ ਨੂੰ ਸੀਲ ਕਰਨ ਦੀ ਕੀਤੀ ਮੰਗ
  • ਕੈਪਟਨ ਦੁਆਰਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਕਾਰਨ ਹਰ ਤਰ੍ਹਾਂ ਦਾ ਮਾਫੀਆ ਵਧ ਫੁੱਲ ਰਿਹਾ ਹੈ

ਚੰਡੀਗੜ੍ਹ, 12 ਮਾਰਚ 2021 – ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨਿੱਜੀ ਹਸਪਤਾਲਾਂ ਵੱਲੋਂ ਅਯੁਸਮਾਨ ਸਕੀਮ ਦੇ ਨਾਮ ਉਤੇ ਕੀਤੇ ਜਾ ਰਹੇ ਘੁਟਾਲੇ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬਿਨਾਂ ਸੱਤਾ ਦੀ ਸਹਿ ਦੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣ ਅਸੰਭਵ ਹੈ। ਪਾਰਟੀ ਹੈੱਡ ਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਕੀਤੀ ਜਾਂਚ ਨੇ ਸਾਹਮਣੇ ਲਿਆ ਦਿੱਤਾ ਹੈ ਕਿ ਕਿਵੇਂ ਗਰੀਬਾਂ ਦੇ ਨਾਮ ਉਤੇ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਿਸੇ ਵੀ ਨਿੱਜੀ ਸੰਸਥਾ ਦੀ ਇਹ ਹਿੰਮਤ ਨਹੀਂ ਕਿ ਉਹ ਕਿਸੇ ਸੱਤਾਧਾਰੀ ਪਾਰਟੀ ਦੇ ਆਗੂਆਂ ਤੋਂ ਬਿਨਾਂ ਕਰੋੜਾਂ ਰੁਪਏ ਦਾ ਘਪਲਾ ਕਰ ਲਵੇ। ਉਨ੍ਹਾਂ ਕਿਹਾ ਕਿ ਸਿਰਫ ਤਿੰਨ ਜ਼ਿਲ੍ਹੇ ਦੇ 10 ਹਸਪਤਾਲਾਂ ਵੱਲੋਂ ਹੀ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਸਾਹਮਣੇ ਆਇਆ, ਜੇਕਰ ਜਾਂਚ ਕਰਵਾਈ ਜਾਵੇ ਸਾਰੇ ਪੰਜਾਬ ਵਿੱਚ ਸੈਂਕੜੇ ਹਸਪਤਾਲਾਂ ਵੱਲੋਂ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਮਿਲੀਭੁਗਤ ਵਾਲੇ ਸਿਆਸੀ ਆਗੂਆਂ ਦਾ ਨਾਮ ਲੋਕਾਂ ਸਾਹਮਣੇ ਉਜਾਗਰ ਕਰੇ। ਉਨ੍ਹਾਂ ਕਿਹਾ ਕਿ ਜਿੰਨਾਂ ਹਸਪਤਾਲਾਂ ਨੇ ਅਜਿਹਾ ਘੁਟਾਲਾ ਕੀਤਾ ਹੈ, ਉਨ੍ਹਾਂ ਹਸਪਤਾਲਾਂ ਨੂੰ ਸੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਦਲ ਵੱਲੋਂ ਸ਼ੁਰੂ ਕੀਤੇ ਗਏ ਮਾਫੀਆ ਰਾਜ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹੋਰ ਪ੍ਰਫੂਲਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਹੁਣ ਲੋਕਾਂ ਦੀਆਂ ਭਲਾਈ ਸਕੀਮਾਂ ਵਿਚ ਅਜਿਹਾ ਮਾਫੀਆ ਰਾਜ ਸਰਗਰਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੁਬਾਰਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਕਾਰਨ ਹਰ ਤਰ੍ਹਾਂ ਦਾ ਮਾਫੀਆ ਵਧ ਫੁੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਘੁਟਾਲਿਆਂ ਵਿੱਚ ਸ਼ਾਮਲ ਲੋਕਾਂ ਦੇ ਨਾਮ ਉਜਾਗਰ ਕਰਨ ਤੋਂ ਹਮੇਸ਼ਾ ਕੰਨੀ ਕਤਰਾਉਂਦੀ ਰਹੀ ਹੈ, ਜੇਕਰ ਕਿਸੇ ਦਾ ਨਾਮ ਸਾਹਮਣੇ ਆਇਆ ਤਾਂ ਉਸ ਨੂੰ ਝੂਠੀ ਜਾਂਚ ਦੇ ਨਾਤੇ ਕਲੀਨ ਚਿੱਟ ਦੇ ਦਿੰਦੀ ਹੈ, ਜਿਸਦੀਆਂ ਉਦਾਹਰਨਾਂ ਮਾਝੇ ਹਲਕੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਹਨ, ਜੋ ਸ਼ਰਾਬ ਮਾਫੀਆ ਸੱਤਾਧਾਰੀ ਦੇ ਨਜ਼ਦੀਕੀ ਵਿਅਕਤੀ ਚਲਾਉਂਦੇ ਸਨ ਅਜੇ ਤੱਕ ਉਨ੍ਹਾਂ ਦਾ ਨਾਮ ਸਾਹਮਣੇ ਨਹੀਂ ਆਇਆ, ਦੂਜਾ ਮੈਟ੍ਰਿਕ ਸਕਲਾਰਸ਼ਿਪ ਵਾਲੇ ਕਰੋੜਾਂ ਰੁਪਏ ਦਾ ਘੁਟਾਲਾ ਕਰਨ ਵਾਲੇ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਇਹ ਨਵਾਂ ਮਾਫੀਆ ਸਾਹਮਣੇ ਆ ਗਿਆ ਹੈ, ਜੋ ਪ੍ਰਾਈਵੇਟ ਹਸਪਤਾਲਾਂ ਦੀ ਮਿਲੀਭੁਗਤ ਨਾਲ ਗਰੀਬ ਲੋਕਾਂ ਦੀ ਸਕੀਮ ਆਯੁਸਮਾਨ ਦੇ ਨਾਤੇ ਠੱਗੀ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿੱਜੀ ਹਸਪਤਾਲਾਂ ਵਿੱਚ ਮਿਲੀਭੁਗਤ ਦਾ ਹੀ ਇਹ ਸਬੂਤ ਹੈ ਕਿ ਸੱਤਾਧਾਰੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਨੂੰ ਸਰਕਾਰੀ ਹਸਪਤਾਲਾਂ ਉੱਤੇ ਯਕੀਨ ਨਹੀਂ ਹੈ ਆਪਣਾ ਇਲਾਜ ਕਰਾਉਣ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਲਈ ਸਰਕਾਰ ਦੀ ਸਾਂਝ ਹੋਣ ਕਾਰਨ ਹੀ ਮੋਹਾਲੀ ਦੇ ਸਰਕਾਰੀ ਹਸਪਤਾਲ ਦੀ ਕਰੋੜਾਂ ਰੁਪਏ ਦੀ ਜ਼ਮੀਨ ਇੱਕ ਨਿੱਜੀ ਹਸਪਤਾਲ ਹਵਾਲੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਉੱਤੇ ਫੇਲ੍ਹ ਹੋ ਰਹੀ ਹੈ, ਪੰਜਾਬ ਵਿੱਚ ਮਾਫੀਆ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਬਾਅਦ ਸੱਤਾ ਦੇ ਨਸ਼ੇ ਵਿੱਚ ਕੀਤੇ ਜਾ ਰਹੇ ਘੁਟਾਲਿਆਂ ਦੀ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ਦੇ ਰਾਸ਼ਟਰਪਤੀ ਨੇ ਜੌਹਨਸਨ ਐਂਡ ਜੌਹਨਸਨ ਕੋਰੋਨਾ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਖਰੀਦਣ ਦਾ ਕੀਤਾ ਐਲਾਨ

ਕੈਪਟਨ ਤੇ ਬਾਦਲ ਦੀਆਂ ਗਲਤ ਨੀਤੀਆਂ ਨੇ ਡੁੱਬੋਇਆ ਪੀਐਸਪੀਸੀਐਲ : ਅਮਨ ਅਰੋੜਾ