ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਨੂੰ ਖੇਤੀ ਕਾਨੂੰਨਾਂ ਨਾਲ ਪੈਦਾ ਹੋਏ ਸੰਕਟ ’ਤੇ ਬੋਲਣ ਦਾ ਨੈਤਿਕ ਹੱਕ ਹੀ ਨਹੀਂ ਹੈ ਕਿਉਂਕਿ ਉਹ ਇਸ ਸੰਕਟ ਨੂੰ ਸੌਖਿਆਂ ਹੀ ਟਾਲ ਸਕਦੇ ਸਨ, ਜਦੋਂ ਉਹ ਕੇਂਦਰ ਸਰਕਾਰ ਵਿਚ ਭਾਈਵਾਲ ਅਤੇ ਇਸ ਦੇ ਹਰੇਕ ਲੋਕ ਵਿਰੋਧੀ ਫੈਸਲੇ ਵਿੱਚ ਧਿਰ ਹੁੰਦੇ ਸਨ। ਮੁੱਖ ਮੰਤਰੀ ਨੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨਾਲ ਸੂਬੇ ਦੇ ਅਰਥਚਾਰੇ ’ਤੇ ਪੈਣ ਵਾਲੇ ਅਸਰ ਬਾਰੇ ਦਿੱਤੇ ਬਿਆਨ ਦੇ ਸੰਦਰਭ ਵਿੱਚ ਹਰਸਿਮਰਤ ਬਾਦਲ ਵੱਲੋਂ ਗੈਰ-ਜ਼ਿੰਮੇਵਰਾਨਾ ਦਾਅਵੇ ਕਰਨ ਅਤੇ ਉਨਾਂ ਖ਼ਿਲਾਫ਼ ਨਿਰਆਧਾਰ ਦੋਸ਼ ਲਾਉਣ ’ਤੇ ਤਿੱਖਾ ਪਲਟਵਾਰ ਕਰਦਿਆਂ ਅਕਾਲੀ ਨੇਤਾ ਦੇ ਸਿਆਸੀ ਤੌਰ ’ਤੇ ਪ੍ਰੇਰਿਤ ਵਿਚਾਰਾਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ।
ਉਨਾਂ ਕਿਹਾ ਕਿ ਹਰਸਿਮਰਤ ਬਾਦਲ ਦੀ ਇਹ ਬਿਆਨਬਾਜ਼ੀ ਸੰਕਟ ਨੂੰ ਰੋਕਣ ਵਿਚ ਉਸ ਦੀ ਪਾਰਟੀ ਅਤੇ ਖੁਦ ਦੀ ਨਾਕਾਮੀ ‘ਤੇ ਪਰਦਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੈ ਜਦਕਿ ਇਹ ਕੰਡੇ ਉਨਾਂ ਨੇ ਆਪ ਹੀ ਬੀਜੇ ਹੋਏ ਹਨ। ਸਾਬਕਾ ਕੇਂਦਰੀ ਮੰਤਰੀ ਵੱਲੋਂ ਉਨਾਂ ਉਪਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੀ ਬੋਲੀ ਬੋਲਣ ਦੇ ਲਾਏ ਦੋਸ਼ਾਂ ਦੀ ਖਿੱਲੀ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਅਤੇ ਗੁਆਂਢੀ ਸੂਬੇ ਹਰਿਆਣੇ ਵਿੱਚ ਸੱਤਾਧਾਰੀ ਪਾਰਟੀ ਉਤੇ ਛੱਡ ਦਿੱਤਾ ਹੁੰਦਾ ਤਾਂ ਕਿਸਾਨ ਆਪਣੀ ਆਵਾਜ਼ ਸੁਣਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੱਕ ਵੀ ਨਾ ਪਹੁੰਚਦੇ। ਉਨਾਂ ਕਿਹਾ,‘‘ਮੈਂ ਕਦੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਨਹੀਂ ਆਖਿਆ। ਤੁਹਾਡੀ ਗੱਠਜੋੜ ਸਰਕਾਰ ਦੀਆਂ ਮਾਰੂ ਕਦਮਾਂ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਮਜਬੂਰਨ ਆਪਣੇ ਘਰ-ਬਾਰ ਛੱਡ ਕੇ ਕੌਮੀ ਰਾਜਧਾਨੀ ਦੀ ਸਰਹੱਦ ‘ਤੇ ਬੈਠਣਾ ਪਿਆ ਜਿੱਥੇ ਉਨਾਂ ਨੂੰ ਕਈ ਅਨਸਰਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਜਾਨਾਂ ਵੀ ਗੁਆਉਣੀਆਂ ਪਈਆਂ।’’
ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਨੂੰ ਕਿਸਾਨਾਂ ’ਤੇ ਖੇਤੀ ਕਾਨੂੰਨ ਥੋਪਣ ਵਿੱਚ ਆਪਣੀ ਮਿਲੀਭੁਗਤ ਬਾਰੇ ਝੂਠ ਬੋਲਣ ਤੋਂ ਗੁਰੇਜ਼ ਕਰਨ ਲਈ ਕਿਹਾ ਜੋ ਕਾਨੂੰਨ ਸਿਰਫ ਪੰਜਾਬ ਲਈ ਨਹੀਂ ਸਗੋਂ ਸਮੁੱਚੇ ਮੁਲਕ ਲਈ ਹਨ। ਹਰਸਿਮਰਤ ਬਾਦਲ ਵੱਲੋਂ ਕਿਸਾਨਾਂ ਨੂੰ ਇਹ ਸੁਝਾਅ ਦੇਣ ਕਿ ਉਨਾਂ ਨੂੰ ਪੰਜਾਬ ਵਿੱਚ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਜਦਕਿ ਉਨਾਂ ਦੀ ਲੜਾਈ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ਼ ਹੈ, ਮੁੱਖ ਮੰਤਰੀ ਨੇ ਤੰਨਜ਼ ਕਸਦਿਆਂ ਕਿਹਾ,‘‘ਇਹ ਤਾਂ ਉਹ ਗੱਲ ਹੋਈ ਕਿ ਕਿਸੇ ਨੂੰ ਦੁਸ਼ਮਣ ਖਿਲਾਫ ਲੜਣ ਲਈ ਪੱਛਮੀ ਫਰੰਟ ’ਤੇ ਜਾਣ ਲਈ ਕਿਹਾ ਜਾਵੇ ਜਦਕਿ ਦੁਸ਼ਮਣ ਖੜਾ ਪੂਰਬੀ ਬਾਰਡਰ ’ਤੇ ਹੈ।’’ ਉਨਾਂ ਕਿਹਾ ਕਿ ਇਸ ਤੋਂ ਭਲੀਭਾਂਤ ਪਤਾ ਲੱਗ ਜਾਂਦਾ ਹੈ ਕਿ ਅਕਾਲੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਿਸਾਨਾਂ ਦਾ ਧਿਆਨ ਕੇਂਦਰ ਤੋਂ ਸੂਬੇ ਵੱਲ ਮੋੜਨਾ ਚਾਹੁੰਦੇ ਹਨ ਅਤੇ ਇਸ ਨਾਲ ਉਹ ਸੂਬੇ ਤੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਵੀ ਅਣਜਾਣ ਹਨ।
ਹਰਸਿਮਰਤ ਬਾਦਲ ਵੱਲੋਂ ਉਨਾਂ (ਕੈਪਟਨ ਅਮਰਿੰਦਰ ਸਿੰਘ) ਦੀਆਂ ਟਿੱਪਣੀਆਂ ਨਾਲ ‘ਹੈਰਾਨ ਤੇ ਦੁੱਖ’ ਹੋਣ ਦੇ ਕੀਤੇ ਦਾਅਵੇ ’ਤੇ ਚੁਟਕੀ ਲੈਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਜਾਂ ਤਾਂ ਜਾਣਬੁੱਝ ਕੇ ਝੂਠ ਬੋਲ ਰਹੀ ਹੈ ਤੇ ਜਾਂ ਸੂਬੇ ਅਤੇ ਇਸ ਦੇ ਲੋਕਾਂ ਦੀ ਦੁਰਦਸ਼ਾ ਪ੍ਰਤੀ ਪੂਰੀ ਤਰਾਂ ਮੂਕ ਤੇ ਬੇਪਰਵਾਹ ਹੈ। ਉਨਾਂ ਵਿਅੰਗ ਕਰਦਿਆਂ ਕਿਹਾ,‘‘ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਇਹ ਕੁਝ ਉਸ ਪਾਰਟੀ ਦੀ ਲੀਡਰ ਕਹਿ ਰਹੀ ਹੈ ਜਿਸ ਪਾਰਟੀ ਦਾ ਪੰਜਾਬ ਵਿੱਚ 10 ਸਾਲ ਦਾ ਦੁਰਪ੍ਰਬੰਧਾਂ ਵਾਲਾ ਸ਼ਾਸਨ ਰਿਹਾ ਅਤੇ ਸੂਬੇ ਨੂੰ ਤਬਾਹੀ ਦੇ ਕੰਢੇ ‘ਤੇ ਲਿਆ ਖੜਾ ਕੀਤਾ। ਉਨਾਂ ਨੇ ਹਰਸਿਮਰਤ ਨੂੰ ਕਿਹਾ ਕਿ ਤੁਹਾਨੂੰ 10 ਸਾਲਾਂ ਦੇ ਸਮੇਂ ਦੌਰਾਨ ਦੁੱਖ ਤੇ ਪੀੜਾ ਦਾ ਅਹਿਸਾਸ ਨਹੀਂ ਹੋਇਆ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਭਿ੍ਰਸ਼ਟ ਕਾਰਿਆਂ ਨਾਲ ਲੋਕਾਂ ਨੂੰ ਇਕ ਤੋਂ ਬਾਅਦ ਇਕ ਜ਼ਖ਼ਮ ਦਿੱਤਾ। ਉਨਾਂ ਕਿਹਾ ਕਿ ਅਕਾਲੀਆਂ ਨੇ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਦੀਆਂ ਮੁਸੀਬਤਾਂ ਨੂੰ ਨਾ ਤਾਂ ਕਦੇ ਸਮਝਿਆ ਅਤੇ ਨਾ ਹੀ ਸਮਝਣਾ ਚਾਹੁੰਦੇ ਹਨ।
ਹਰਸਿਮਰਤ ਬਾਦਲ ਵੱਲੋਂ ਲਾਏ ਦੋਸ਼ਾਂ ਕਿ ਉਹ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਅਸਫਲ ਰਹੇ ਹਨ, ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਚੱਲ ਰਹੇ ਪ੍ਰਦਰਸ਼ਨਾਂ ਕਰਕੇ ਬਹੁਤ ਜਣੇ ਪਹਿਲਾਂ ਹੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਅਤੇ ਕਈਆਂ ਦੀ ਨੌਕਰੀ ਖੁੱਸਣ ਦੀ ਸੰਭਾਵਨਾ ਹੈ। ਇੱਥੋਂ ਤੱਕ ਕਿ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਫਿਕੀ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਨਿਰੰਤਰ ਪ੍ਰਦਰਸ਼ਨਾਂ ਦਾ ਪੰਜਾਬ ਦੇ ਉਦਯੋਗਾਂ ਅਤੇ ਵਣਜ ’ਤੇ ਲੰਬੇ ਸਮੇਂ ਲਈ ਮਾੜੇ ਪ੍ਰਭਾਵ ਪੈਣਗੇ। ਉਨਾਂ ਹਰਸਿਮਰਤ ਬਾਦਲ ਨੂੰ ਪੁੱਛਿਆ, ‘‘ਕੀ ਤੁਸੀਂ ਇਹ ਕਹਿ ਰਹੇ ਹੋ, ਬਤੌਰ ਮੁੱਖ ਮੰਤਰੀ ਮੇਰੀ ਇਨਾਂ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਹੈ।’’
ਕਿਸਾਨਾਂ ਦੀ ਲੜਾਈ ਨੂੰ ਕੇਂਦਰ ਤੱਕ ਨਾ ਲਿਜਾਣ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਮੀਡੀਆ ਟੀਮ ਨੂੰ ਆਖਣ ਕਿ ਇਸ ਮੁੱਦੇ ’ਤੇ ਉਨਾਂ ਦੀਆਂ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਦੌਰਾਨ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰਨਾਂ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਨਿੱਜੀ ਮਿਲਣੀਆਂ, ਮੀਟਿੰਗਾਂ, ਲਿਖੇ ਪੱਤਰਾਂ ਅਤੇ ਫੋਨ ਕਾਲਾਂ ਦੀਆਂ ਮੀਡੀਆਂ ਰਿਪੋਰਟਾਂ ਦੀ ਖੋਜ ਕਰਨ।
ਉਨਾਂ ਕਿਹਾ, ‘‘ਜਦੋਂ ਕਿ ਤੁਸੀਂ ਇੱਥੇ ਹੀ ਹੋ, ਤੁਸੀਂ ਇਹ ਕਿਉਂ ਨਹੀਂ ਪਤਾ ਲਾਉਂਦੇ ਕਿ ਮੇਰੀ ਸਰਕਾਰ ਦੇ ਕਿੰਨੇ ਨੁਮਾਇੰਦੇ ਕਈ ਮੌਕਿਆਂ ਉਤੇ ਕਿਸਾਨਾਂ ਨੂੰ ਨਿੱਜੀ ਤੌਰ ’ਤੇ ਮਿਲਣ ਲਈ ਪਹੁੰਚੇ ਹਨ।’’ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਖੁਦ ਇਸ ਮੁੱਦੇ ਉਤੇ ਕਈ ਮੀਟਿੰਗਾਂ ਕੀਤੀਆਂ ਹਨ ਪਰ ਕਿਸਾਨਾਂ ਦੀ ਉਸ ਇੱਛਾ ਦਾ ਸਤਿਕਾਰ ਕੀਤਾ ਕਿ ਕੋਈ ਵੀ ਰਾਜਸੀ ਪਾਰਟੀ ਜਾਂ ਲੀਡਰ ਇਸ ਮਾਮਲੇ ਵਿੱਚ ਦਖਲ ਨਾ ਦੇਵੇ। ਉਨਾਂ ਟਿੱਪਣੀ ਕਰਦਿਆਂ ਕਿਹਾ, ‘‘ਪਰ ਤੁਸੀਂ ਅਤੇ ਤੁਹਾਡੀ ਪਾਰਟੀ ਉਨਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਨਹੀਂ ਸਮਝੋਗੇ, ਜ਼ਾਹਰ ਹੈ ਕਿ ਅਜਿਹੀਆਂ ਗੱਲਾਂ ਤੁਹਾਡੀ ਸੁਆਰਥੀ ਸਮਝ ਤੋਂ ਬਾਹਰ ਹਨ।’’
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ