ਧਰਮ ਪਰਿਵਰਤਨ ਮਾਮਲਾ: ਘਰ ਪਰਤੀ ਬੱਚੀ ਮਨਮੀਤ ਕੌਰ ਦਾ ਸਿੱਖ ਨੌਜਵਾਨ ਨਾਲ ਹੋਇਆ ਆਨੰਦ ਕਾਰਜ

  • ਭਾਰਤ ਸਰਕਾਰ ਜੰਮੂ ਕਸ਼ਮੀਰ ਵਿਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ- ਬੀਬੀ ਜਗੀਰ ਕੌਰ

ਅੰਮ੍ਰਿਤਸਰ, 30 ਜੂਨ 2021 – ਕਸ਼ਮੀਰ ਦੀਆਂ ਦੋ ਸਿੱਖ ਲੜਕੀਆਂ ਦਾ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਦਾ ਮਾਮਲਾ ਸਿੱਖ ਆਗੂਆਂ ਦੀਆਂ ਕੋਸ਼ਿਸ਼ਾਂ ਸਦਕਾ ਕਾਫੀ ਹੱਦ ਤੱਕ ਹੱਲ ਕਰ ਲਿਆ ਗਿਆ ਹੈ। ਸਿੱਖ ਜਗਤ ਦੇ ਰੋਸ ਅਤੇ ਚਿੰਤਨਸ਼ੀਲ ਸਿੱਖ ਆਗੂਆਂ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਸ੍ਰੀਨਗਰ ਦੀ 18 ਸਾਲਾ ਸਿੱਖ ਬੱਚੀ ਮਨਮੀਤ ਕੌਰ ਨੂੰ ਅਦਾਲਤ ਨੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਸਿੱਖ ਆਗੂਆਂ ਦੀ ਕੋਸ਼ਿਸ਼ ਸਦਕਾ ਪਰਿਵਾਰ ਵੱਲੋਂ ਮਨਮੀਤ ਕੌਰ ਦਾ ਆਨੰਦ ਕਾਰਜ ਸਥਾਨਕ ਨੌਜਵਾਨ ਸੁਖਬੀਰ ਸਿੰਘ ਨਾਲ ਪੂਰਨ ਗੁਰ-ਮਰਯਾਦਾ ਅਨੁਸਾਰ ਰੈਨਾਵਾੜੀ ਗੁਰਦੁਆਰਾ ਸਾਹਿਬ ਵਿਖੇ ਕਰ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਇਕ ਵੱਡਾ ਮਸਲਾ ਸੀ ਜਿਸ ਦੇ ਨਿਪਟਾਰੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਭਾਈ ਹਰਪਿੰਦਰ ਸਿੰਘ ਸਮੇਤ ਹੋਰ ਮੈਂਬਰਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਯਤਨ ਕਰ ਰਹੇ ਸਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੱਚੀ ਮਨਮੀਤ ਕੌਰ ਦੀ ਵਾਪਸੀ ਨਾਲ ਪਰਿਵਾਰ ਨੂੰ ਧਰਵਾਸ ਮਿਲੀ ਹੈ। ਉਨ੍ਹਾਂ ਕਿਹਾ ਕਿ ਆਸ ਹੈ ਕਿ ਦੂਸਰੀ ਲੜਕੀ ਧਨਵੰਤ ਕੌਰ ਨੂੰ ਵੀ ਜਲਦੀ ਹੀ ਵਾਪਿਸ ਲੈ ਆਂਦਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੰਮੂ ਕਸ਼ਮੀਰ ਅੰਦਰ ਘੱਟ ਗਿਣਤੀਆਂ ਲਈ ਘੱਟ ਗਿਣਤੀ ਕਮਿਸ਼ਨ ਦੀ ਸਥਾਪਨਾ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਭਾਰਤ ਸਰਕਾਰ ਜੰਮੂ ਕਸ਼ਮੀਰ ਵਿਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਜਿਸ ਖਿਤੇ ਵਿਚ ਕਦੇ ਵੱਡੀ ਗਿਣਤੀ ਵਿਚ ਸਿੱਖ ਵਸਦੇ ਸਨ ਅੱਜ ਉਥੋਂ ਸਿੱਖ ਹਿਜਰਤ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਸਿੱਖ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਘੱਟ ਗਿਣਤੀ ਵਾਲੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਪੱਤਰ ਲਿਖਿਆ ਜਾਵੇਗਾ। ਬੀਬੀ ਜਗੀਰ ਕੌਰ ਨੇ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੀਆਂ ਮੁਲਵਾਨ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣ ਤਾਂ ਕਿ ਬੱਚੇ ਆਪਣੇ ਧਰਮ ਤੋਂ ਦੂਰ ਨਾ ਹੋਣ। ਇਸ ਦੇ ਨਾਲ ਹੀ ਉਨ੍ਹਾਂ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਤੋਂ ਜਾਣੂ ਹੁੰਦਿਆਂ ਆਪਣੇ ਧਰਮ ਵਿਚ ਪਰਪੱਕ ਰਹਿਣ ਦੀ ਪ੍ਰੇਰਨਾ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਜਾਣੋ Jass Bajwa ਅਤੇ Lakha Sidhana ਸਣੇ ਹੋਰ ਕਿਸਾਨ ਆਗੂਆਂ ‘ਤੇ ਹੋਏ ਪਰਚੇ ਦਾ ਸੱਚ !

ਅਮਰੀਕਾ ਕੋਰੋਨਾ ਸੰਕਟ ਲਈ ਕਰੇਗਾ ਭਾਰਤ ਦੀ 41 ਮਿਲੀਅਨ ਡਾਲਰ ਦੀ ਹੋਰ ਸਹਾਇਤਾ