ਨਵੀਂ ਦਿੱਲੀ, 28 ਫਰਵਰੀ 2021 – ਭਾਰਤ ਸਰਕਾਰ ਵੱਲੋਂ ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਹਟਾ ਦਿੱਤਾ ਗਿਆ ਹੈ। ਉਂਝ ਇਹ ਕਾਰਵਾਈ ਭਾਰਤ ਵਿੱਚ ਕੀਤੀ ਗਈ ਹੈ। ਹੋਰ ਮੁਲਕਾਂ ਵਿੱਚ ਲੱਖਾ ਸਿਧਾਣਾ ਦਾ ਪੇਜ ਚੱਲ ਰਿਹਾ ਹੈ।
ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀਆਂ ਘਟਨਾਵਾਂ ਲਈ ਲੱਖਾ ਸਿਧਾਣਾ ਨੂੰ ਦੋਸ਼ੀ ਠਹਿਰਾਉਂਦਿਆਂ ਦਿੱਲੀ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ’ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਇਸ ਮਗਰੋਂ ਲੱਖਾ ਸਿਧਾਣਾ ਨੇ ਪੁਲਿਸ ਨੂੰ ਵੰਗਾਰਦਿਆਂ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਰੈਲੀ ਕੀਤੀ ਸੀ। ਮਹਿਰਾਜ ਰੋਸ ਰੈਲੀ ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਲੱਖੇ ਸਿਧਾਣੇ ਨੇ ਇਸੇ ਫੇਸਬੁੱਕ ਪੇਜ ਤੋਂ ਹੀ ਕੀਤੀ ਸੀ। ਉਸ ਮਗਰੋਂ ਪੁਲਿਸ ਲੱਖਾ ਸਿਧਾਣਾ ਖਿਲਾਫ ਸਖਤ ਹੋ ਗਈ ਹੈ। ਲੱਖਾ ਸਿਧਾਣਾ ਨਾਲ ਇਸ ਫੇਸਬੁੱਕ ਪੇਜ ‘ਤੇ ਸਾਢੇ ਚਾਰ ਲੱਖ ਤੋਂ ਵੀ ਉਪਰ ਲੋਕ ਜੁੜੇ ਹੋਏ ਹਨ ਤੇ ਲੱਖਾ ਸਿਧਾਣਾ ਕਈ ਵਾਰ ਕਿਸਾਨ ਅੰਦੋਲਨ ਸਬੰਧੀ ਵੀ ਇਸ ਪੇਜ ਤੋਂ ਲੋਕਾਂ ਨੂੰ ਸੰਬੋਧਿਤ ਹੁੰਦਾ ਰਿਹਾ ਹੈ।