ਨਵੀਂ ਦਿੱਲੀ, 13 ਫਰਵਰੀ 2021 – ਅੱਜ ਲੋਕ ਸਭਾ ਵਿੱਚ ਜੰਮੂ-ਕਸ਼ਮੀਰ ਪੁਨਰਗਠਨ ਸੋਧ ਬਿੱਲ ਪਾਸ ਹੋ ਗਿਆ ਹੈ। ਇਸ ਤੋਂ ਪਹਿਲਾਂ ਸਦਨ ਵਿਚ ਜੰਮੂ-ਕਸ਼ਮੀਰ ਨੂੰ ਲੈ ਕੇ ਲੰਬੀ ਵਿਚਾਰ-ਚਰਚਾ ਹੋਈ ਸੀ। ਵਿਰੋਧੀ ਧਿਰ ਨੇ ਵੀ ਕਈ ਸਵਾਲ ਖੜੇ ਕੀਤੇ। ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਰਾਜ ਦੇ ਹਾਲਾਤ ਉੱਤੇ ਵੀ ਸਵਾਲ ਚੁੱਕੇ ਗਏ ਅਤੇ ਨਾਲ ਹੀ ਉੱਥੇ ਕੀ ਬਦਲਿਆ ਗਿਆ ਇਹ ਵੀ ਪੁੱਛਿਆ ਗਿਆ।
ਜਿਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਵੱਲੋਂ ਉਠਾਏ ਸਾਰੇ ਪ੍ਰਸ਼ਨਾਂ ਦਾ ਵਿਸਥਾਰ ਵਿੱਚ ਜਵਾਬ ਦਿੱਤਾ। ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਇਹ ਕੰਮ ਵੀ ਸਹੀ ਸਮੇਂ’ ਤੇ ਕੀਤਾ ਜਾਵੇਗਾ।
ਜੰਮੂ ਕਸ਼ਮੀਰ ਵਿੱਚ ਮੋਦੀ ਸਰਕਾਰ ਦੇ ਕੰਮ ਨੂੰ ਗਿਣਾਉਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 4 ਪੀੜ੍ਹੀਆਂ ਵਿੱਚ ਜੋ ਕੰਮ ਕੀਤੇ ਹਨ, ਅਸੀਂ ਉਨ੍ਹੇ ਹੀ ਕੰਮ 17 ਮਹੀਨਿਆਂ ਵਿੱਚ ਕੀਤੇ ਹਨ। ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਪਰੰਪਰਾਵਾਂ ਬਦਲ ਰਹੀਆਂ ਹਨ। ਪਹਿਲਾਂ ਇਥੇ ਸਿਰਫ ਤਿੰਨ ਪਰਿਵਾਰਾਂ ਦੇ ਲੋਕ ਰਾਜ ਕਰਦੇ ਸਨ, ਹੁਣ ਆਮ ਲੋਕ ਇਥੇ ਰਾਜ ਕਰਨਗੇ।