ਚੰਡੀਗੜ੍ਹ: 13 ਫਰਵਰੀ 2022 – ਪੰਜਾਬੀਆਂ ਨੂੰ ਭਾਵੁਕ ਅਪੀਲ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਅੱਜ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਸੇਵਾ ਕਰਨ ਦਾ ਮੌਕਾ ਦੇਣ ਦੀ ਅਪੀਲ ਕੀਤੀ ਹੈ। ਇੱਥੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਸੱਤਾ ਹਾਸਲ ਕਰਨਾ ਨਹੀਂ ਹੈ, ਸਗੋਂ ਇਹ ਤੁਹਾਡੀ ਸੇਵਾ ਕਰਨ ਦਾ ਇੱਕ ਢੰਗ ਹੈ।
ਜੇ.ਪੀ. ਨੱਡਾ ਇੱਥੇ ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਲਾਲਪੋਰਾ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਕਰਨ ਆਏ ਸਨ। ਇਸ ਤੋਂ ਪਹਿਲਾਂ ਬਲਾਚੌਰ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਬਲਾਚੌਰ ਤੋਂ ਅਸ਼ੋਕ ਭੱਟ, ਬੰਗਾ ਤੋਂ ਮੋਹਨ ਲਾਲ ਬੰਗਾ ਅਤੇ ਨਵਾਂਸ਼ਹਿਰ ਤੋਂ ਪੂਨਮ ਮਾਨਿਕ ਅਰੋੜਾ ਲਈ ਵੋਟਾਂ ਮੰਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀ ਪਰਖੀ ਪਾਰਟੀ ਹੈ, ਜਿਸ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼, ਹਿਮਾਚਲ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਸਾਫ਼-ਸੁਥਰਾ ਸ਼ਾਸਨ ਦਿੱਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਅਤੇ ਸਿੱਖਾਂ ਨਾਲ ਖਾਸ ਲਗਾਅ ਹੈ। ਉਨ੍ਹਾਂ ਲੋਕਾਂ ਨੂੰ ਮੋਦੀ ਜੀ ਨੂੰ ਮੌਕਾ ਦੇਣ ਦੀ ਅਪੀਲ ਕੀਤੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਮੋਦੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਲਈ ਰਸਤਾ ਖੁਲ੍ਹਵਾਇਆ, ਜੋ ਕਿ ਸਿੱਖਾਂ ਦੀ ਲੰਬੇ ਸਮੇਂ ਤੋਂ ਮੰਗ ਸੀ।
ਜੇ.ਪੀ. ਨੱਡਾ ਨੇ ਕਿਹਾ ਕਿ ਕਾਂਗਰਸ ਨਾ ਸਿਰਫ਼ ਦੰਗਿਆਂ ਦੇ ਦੋਸ਼ੀਆਂ ਨੂੰ ਬਚਾ ਰਹੀ ਹੈ, ਸਗੋਂ ਦੰਗਿਆਂ ਨੂੰ ਵੀ ਜਾਇਜ਼ ਠਹਿਰਾ ਰਹੀ ਹੈ। ਉਨ੍ਹਾਂ ਦੇ ਆਗੂ ਕਹਿੰਦੇ ਸਨ, ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ। ਹੁਣ ਦੰਗਿਆਂ ਦੇ ਦੋਸ਼ੀ ਤਿਹਾੜ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਮਹਾਨ ਕੁਰਬਾਨੀ ਦੀ ਯਾਦ ਚ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਸ੍ਰੀ ਦਰਬਾਰ ਸਾਹਿਬ ਨੂੰ ਵਿਦੇਸ਼ੀ ਯੋਗਦਾਨ ਰਜਿਸਟ੍ਰੇਸ਼ਨ ਐਕਟ (ਐਫ.ਸੀ.ਆਰ.ਏ.) ਤਹਿਤ ਰਜਿਸਟਰਡ ਕਰਵਾਇਆ ਹੈ ਤਾਂ ਜੋ ਵਿਦੇਸ਼ਾਂ ਵਿੱਚ ਵਸਦੇ ਕਰੋੜਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਨੂੰ ਸਿੱਧਾ ਦਾਨ ਦੇ ਸਕਣ। ਇਸ ਤੋਂ ਇਲਾਵਾ ਲੰਗਰ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਵੀ ਜੀਐਸਟੀ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸ਼ਾਂਤੀ ਅਤੇ ਭਾਈਚਾਰੇ ਲਈ ਕੰਮ ਕਰੇਗੀ। ਜਦੋਂ ਕਿ ਕਾਂਗਰਸ ਨੇ ਹਮੇਸ਼ਾ ਵੰਡ ਦੀ ਰਾਜਨੀਤੀ ਕੀਤੀ ਹੈ ਅਤੇ ਸੂਬੇ ਨੂੰ ਅੱਤਵਾਦ ਦੀ ਅੱਗ ਵਿੱਚ ਧੱਕਿਆ ਹੈ। ਕਿਸੇ ਵੀ ਖੇਤਰ ਵਿੱਚ ਭਾਜਪਾ ਸਰਕਾਰ ਦੇ ਯੋਗਦਾਨ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 1.8 ਲੱਖ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਹਰ ਮਹੀਨੇ 2-2 ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾਂਦੇ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਸੂਬੇ ਨੂੰ ਰੁਜ਼ਗਾਰ ਪੈਦਾ ਕਰਨ ਲਈ ਵਿਕਾਸ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਨਿਵੇਸ਼ ਲਿਆ ਸਕਦਾ ਹੈ ਅਤੇ ਨੌਕਰੀਆਂ ਦੇ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ। ਇਸ ਦਾ ਇੱਕੋ ਇੱਕ ਕਾਰਨ ਹੈ ਕਿ ਇੱਥੋਂ ਦੇ ਹਾਕਮਾਂ ਦੀ ਇੱਛਾ ਲੋਕਾਂ ਦੀ ਸੇਵਾ ਕਰਨ ਦੀ ਨਹੀਂ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਹਾਕਮਾਂ ਦੀ ਅਣਗਹਿਲੀ ਕਾਰਨ ਸੂਬੇ ਦੇ ਨੌਜਵਾਨ ਨਸ਼ਿਆਂ ਵਿੱਚ ਧਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕਰਦੇ ਹਾਂ। ਪੰਜਾਬ ਹਮੇਸ਼ਾ ਹੀ ਆਪਣੀ ਬਹਾਦਰੀ ਲਈ ਜਾਣਿਆ ਜਾਂਦਾ ਰਿਹਾ ਹੈ ਅਤੇ ਇਸ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।
ਨੱਡਾ ਨੇ ਆਮ ਆਦਮੀ ਪਾਰਟੀ ਦੇ ਇਮਾਨਦਾਰ ਸਰਕਾਰ ਦੇਣ ਦੇ ਦਾਅਵਿਆਂ ‘ਤੇ ਚੁਟਕੀ ਲਈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਟਿਕਟਾਂ ਕਿਵੇਂ ਵੇਚੀਆਂ, ਇਸ ਬਾਰੇ ਉਨ੍ਹਾਂ ਦੇ ਹੀ ਆਗੂ ਖੁਲਾਸਾ ਕਰ ਰਹੇ ਹਨ। ਉਹ ਸਰਕਾਰ ਵਿੱਚ ਨਹੀਂ ਹਨ ਅਤੇ ਨਾ ਹੀ ਕਦੇ ਆਉਣਗੇ, ਪਰ ਇਨ੍ਹਾਂ ਨੇ ਪਹਿਲਾਂ ਹੀ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਆਪ ਦੇ ਝੂਠੇ ਦਾਅਵਿਆਂ ਅਤੇ ਪ੍ਰਚਾਰ ਤੋਂ ਲੋਕਾਂ ਨੂੰ ਸੁਚੇਤ ਕੀਤਾ ਹੈ।