ਕਮਲਪ੍ਰੀਤ ਕੌਰ ਨੇ ਟੋਕੀਓ ਵਿਖੇ ਚੱਲ ਰਹੀ ਓਲਿੰਪਿਕ ਵਿੱਚ ਕਮਾਲ ਕਰਦਿਆਂ ਦੂਜਾ ਸਭ ਤੋਂ ਦੂਰ ਡਿਸਕਸ ਥ੍ਰੋ ਕੀਤਾ। ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟੋਕੀਉ ਓਲੰਪਿਕ-2021 ਦੇ ਫ਼ਾਈਨਲ ਵਿੱਚ ਪਹੁੰਚ ਚੁੱਕੀ ਕੌਮੀ ਰਿਕਾਰਡ ਹੋਲਡਰ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਅਤੇ ਫ਼ਾਈਨਲ ਲਈ ਹੌਂਸਲਾ ਵਧਾਇਆ। ਕਮਲਪ੍ਰੀਤ ਕੌਰ ਨੇ ਉਲੰਪਿਕ ਵਿੱਚ 64 ਮੀਟਰ ਦਾ ਥਰੋਅ ਮਾਰਦਿਆਂ ਦੂਜੀ ਥਾਂ ਮੱਲ ਕੇ ਫ਼ਾਈਨਲ ਲਈ ਕੁਆਲੀਫ਼ਾਈ ਕਰ ਲਿਆ ਹੈ।
ਫ਼ਾਈਨਲ ਮੁਕਾਬਲੇ ਲਈ ਕਮਲਪ੍ਰੀਤ ਕੌਰ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਰਾਣਾ ਸੋਢੀ ਨੇ ਕਿਹਾ, “ਤੁਹਾਡਾ ਫ਼ਾਈਨਲ ਥਰੋਅ ਵਿਸ਼ਵ ਰਿਕਾਰਡ ਹੋਵੇਗਾ।” ਉਨ੍ਹਾਂ ਕਮਲਪ੍ਰੀਤ ਕੌਰ ਨੂੰ ਸ਼ਾਂਤ ਅਤੇ ਇਕਾਗਰਚਿੱਤ ਰਹਿ ਕੇ ਆਪਣੀ ਖੇਡ ਵੱਲ ਪੂਰਾ ਧਿਆਨ ਲਾਉਣ ਲਈ ਕਿਹਾ।
ਮੰਤਰੀ ਨੇ ਆਪਣੇ ਟਵੀਟ ਵਿੱਚ ਵੀ ਲਿਖਿਆ ਹੈ, “ਇਤਿਹਾਸ ਰਚਣ ਅਤੇ ਤਮਗ਼ਾ ਹਾਸਲ ਕਰਨ ਦੇ ਨੇੜੇ ਪਹੁੰਚਣ ਲਈ ਕਮਲਪ੍ਰੀਤ ਕੌਰ ਨੂੰ ਬਹੁਤ ਵਧਾਈ। ਮੇਰਾ ਦਿਲ ਕਹਿੰਦਾ ਹੈ ਕਿ ਤੁਸੀਂ ਤਮਗ਼ਾ ਲੈ ਕੇ ਹੀ ਘਰ ਪਰਤੋਗੇ। ਸ਼ਾਂਤ ਰਹੋ, ਇਕਾਗਰਚਿੱਤ ਰਹੋ!”
ਦੱਸ ਦੇਈਏ ਕਿ ਇਸ ਵਰ੍ਹੇ ਮਾਰਚ ਮਹੀਨੇ ਦੌਰਾਨ ਐਨ.ਆਈ.ਐਸ. ਪਟਿਆਲਾ ਵਿਖੇ ਫ਼ੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਦੇ ਆਖ਼ਰੀ ਦਿਨ ਕਮਲਪ੍ਰੀਤ ਕੌਰ ਨੇ ਪਹਿਲੀ ਹੀ ਥਰੋਅ 65.06 ਮੀਟਰ ਸੁੱਟੀ ਸੀ। ਇਸ ਦੇ ਨਾਲ ਹੀ ਉਹ 65 ਮੀਟਰ ਦੀ ਹੱਦ ਪਾਰ ਕਰਨ ਵਾਲੀ ਪਹਿਲੀ ਭਾਰਤੀ ਥਰੋਅਰ ਬਣ ਗਈ ਸੀ ਅਤੇ ਡਿਸਕਸ ਥਰੋਅ ਵਿੱਚ 9 ਸਾਲ ਪਹਿਲਾਂ ਬਣਾਇਆ ਗਿਆ ਕੌਮੀ ਰਿਕਾਰਡ ਤੋੜਦਿਆਂ ਟੋਕੀਉ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰ ਗਈ ਸੀ। ਕਮਲਪ੍ਰੀਤ ਨੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਵੱਲੋਂ 2012 ਵਿੱਚ 64.76 ਮੀਟਰ ਥਰੋਅ ਸੁੱਟ ਕੇ ਬਣਾਇਆ ਕੌਮੀ ਰਿਕਾਰਡ ਤੋੜਿਆ ਸੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ