ਚੰਡੀਗੜ੍ਹ, 10 ਮਾਰਚ 2021 – ਹਰਿਆਣਾ ਵਿਧਾਨ ਸਭਾ ‘ਚ ਬੁੱਧਵਾਰ ਨੂੰ ਕਾਂਗਰਸ ਵਲੋਂ ਲਿਆਂਦੇ ਬੇਭਰੋਸਗੀ ਮਤਾ ਖ਼ਾਰਜ ਹੋ ਗਿਆ ਹੈ। ਹਰਿਆਣਾ ਦੀ ਖੱਟੜ ਸਰਕਾਰ ਨੂੰ ਸੁੱਟਣ ਲਈ ਅੱਜ ਕਾਂਗਰਸ ਵਲੋਂ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ। ਜਿਸ ਤੇ ਚਰਚਾ ਮਗਰੋਂ ਵੋਟਿੰਗ ਹੋਈ। ਇਸ ਮਤੇ ਦੇ ਹੱਕ ਵਿੱਚ 32 ਵਿਧਾਇਕਾਂ ਨੇ ਵੋਟ ਪਾਈ ਜਦਕਿ 55 ਨੇ ਬੇਭਰੋਸਗੀ ਮਤੇ ਦੇ ਖਿਲਾਫ ਵੋਟ ਪਾਈ।
ਮਤੇ ਦੇ ਪੱਖ ‘ਚ ਵਿਰੋਧੀ ਧਿਰ ਦੇ 32 ਵਿਧਾਇਕ ਆਪਣੀਆਂ ਸੀਟਾਂ ‘ਤੇ ਖੜ੍ਹ ਗਏ, ਜਦੋਂਕਿ ਬੇਭਰੋਸਗੀ ਮਤੇ ਦੇ ਵਿਰੁੱਧ ਸੱਤਾ ਧਿਰ ਦੇ 55 ਵਿਧਾਇਕਾਂ ਨੇ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਆਪਣੀਆਂ ਵੋਟਾਂ ਪਾਈਆਂ। ਸਪੀਕਰ ਗਿਆਨ ਚੰਦ ਗੁਪਤਾ ਨੇ ਵੋਟਿੰਗ ‘ਚ ਭਾਗ ਨਹੀਂ ਲਿਆ। ਦੱਸਣਯੋਗ ਹੈ ਕਿ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ‘ਚ 2 ਸੀਟਾਂ ਖ਼ਾਲੀ ਹਨ।
ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨ ਦੀ ਇਜਾਜ਼ਤ ਕਾਂਗਰਸ ਨੂੰ ਮਿਲੀ ਸੀ। ਸਪੀਕਰ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕਾਂਗਰਸ ਦੇ ਸੀਨੀਅਰ ਲੀਡਰ ਭੁਪਿੰਦਰ ਸਿੰਘ ਹੁੱਡਾ ਨੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ।