ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਸੱਦੀ ਗਈ ਅੰਤਰਿਮ ਬੋਰਡ ਦੀ ਮੀਟਿੰਗ ਵਿਚ 12 ਵਿਚੋਂ 9 ਮੈਂਬਰਾਂ ਨੇ ਸ਼ਮੂਲੀਅਤ ਕਰਕੇ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫ਼ਾ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਜਨਰਲ ਹਾਊਸ ਦੀ ਪ੍ਰਵਾਨਗੀ ਲਈ ਭੇਜ ਦਿੱਤਾ ਅਤੇ ਕਮੇਟੀ ਦਾ ਕੰਮ ਨਾ ਰੁਕੇ ਇਸ ਲਈ ਨਵੀਂ ਕਮੇਟੀ ਦੇ ਗਠਨ ਤਕ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਨੂੰ ਪ੍ਰਧਾਨ ਵਜੋਂ ਸੌਂਪੀ ਗਈ। ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਐਕਟ ਦੇ ਦਾਇਰੇ ਵਿਚ ਰਹਿ ਕੇ ਅੰਤਰਿਮ ਬੋਰਡ ਦੀ ਮੀਟਿੰਗ 1 ਜਨਵਰੀ ਨੂੰ ਕਾਨਫ਼ਰੰਸ ਹਾਲ ਰਕਾਬ ਗੰਜ ਸਾਹਿਬ ਵਿਖੇ ਬੁਲਾਈ ਸੀ।
ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੀਤੀ ਰਾਤ ਇੱਕ ਪੱਤਰ ਕੱਢਿਆ ਗਿਆ ਜਿਸ ਵਿਚ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਿਸ ਲੈਣ ਦੀ ਗੱਲ ਕੀਤੀ ਅਤੇ ਕਾਲਕਾ ਵੱਲੋਂ ਸੱਦੀ ਗਈ ਮੀਟਿੰਗ ਦੇ ਅਸਥਾਨ ‘ਤੇ ਸਮੇਂ ਉੱਪਰ ਹੀ ਮੀਟਿੰਗ ਸੱਦ ਲਈ। ਕਾਲਕਾ ਅਤੇ ਅੰਤਰਿਮ ਬੋਰਡ ਦੇ ਹੋਰ ਮੈਂਬਰਾਂ ਜਦੋਂ ਕਾਨਫ਼ਰੰਸ ਹਾਲ ਵਿਚ ਪੁੱਜੇ ਤਾਂ ਉੱਥੇ ਪਹਿਲਾਂ ਤੋਂ ਹੀ ਸਿਰਸਾ ਦੇ ਨਾਲ ਹੋਰ ਮੈਂਬਰ ਮੌਜੂਦ ਸਨ ਜਿਨ੍ਹਾਂ ਨੂੰ ਵਾਰ-ਵਾਰ ਬੇਨਤੀ ਕਰਨ ’ਤੇ ਵੀ ਉਹ ਨਹੀਂ ਉਠੇ ਜਿਸ ਕਰਕੇ ਮੀਟਿੰਗ ਕਾਲਕਾ ਦੇ ਕਮਰੇ ਵਿਚ ਕੀਤੀ ਗਈ।
ਹਰਮੀਤ ਸਿੰਘ ਕਾਲਕਾ ਨੇ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮੀਟਿੰਗ ਵਿਚ ਕੁਲਵੰਤ ਸਿੰਘ ਬਾਠ ਨੂੰ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰੀ ਸੌਂਪਣ ਦੇ ਨਾਲ ਹੀ ਕਈ ਮੱਤੇ ਵੀ ਪਾਸ ਕੀਤੇ ਗਏ ਤਾ ਜੋ ਕਿ ਕਮੇਟੀ ਦਾ ਕੰਮ ਸੁਚਾਰੂ ਢੰਗ ਨਾਲ ਚਲ ਸਕੇ। ਹਰਮੀਤ ਕਾਲਕਾ ਨੇ ਕਿਹਾ ਕਿ ਇਸ ਗੱਲ ਦੀ ਵੀ ਖੁਸ਼ੀ ਹੋਈ ਹੈ ਕਿ ਵੱਖ-ਵੱਖ ਧੜਿਆਂ ਤੋਂ ਮੈਂਬਰਾਂ ਨੇ ਕੌਮ ਦੀ ਚੜ੍ਹਦੀਕਲਾ ਨੂੰ ਮੁੱਖ ਰੱਖਦਿਆਂ ਅੰਤਰਿੰਗ ਬੋਰਡ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਹੈ ਅਤੇ ਹੇਠ ਲਿਖੇ ਮੱਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
- 1 ਦਸੰਬਰ 2021 ਨੂੰ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋਣ ਦੇ ਐਲਾਨ ਤੋਂ ਬਾਅਦ ਕੋਰੋਨਾ ਮਹਾਮਾਰੀ ਕਰਕੇ ਅੰਤਰਿਮ ਬੋਰਡ ਦੀ ਮੀਟਿੰਗ ਨਹੀਂ ਸੀ ਸੱਦੀ ਗਈ ਪਰ ਕਮੇਟੀ ਦੇ ਮੌਜੂਦਾ ਹਾਲਾਤ ਅਤੇ ਸਟਾਫ਼ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਮੀਟਿੰਗ ਬੁਲਾ ਕੇ ਜਿੱਥੇ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫ਼ਾ ਮੰਜ਼ੂਰ ਕਰਕੇ ਜਨਰਲ ਹਾਊਸ ਕੋਲ ਭੇਜਿਆ ਗਿਆ ਉੱਥੇ ਕੁਲਵੰਤ ਸਿੰਘ ਬਾਠ ਨੂੰ ਕਾਰਜਕਾਰੀ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਤਾਕਿ ਪ੍ਰਬੰਧ ਸੁਚਾਰੂ ਢੰਗ ਨਾਲ ਚਲ ਸਕੇ।
- ਕਮੇਟੀ ਦੇ ਅੰਤਰਿਮ ਬੋਰਡ ਦੀ ਮੀਟਿੰਗ ਸੱਦਣ ਦਾ ਅਖਤਿਆਰ ਸਿਰਫ਼ ਜਨਰਲ ਸਕੱਤਰ ਕੋਲ ਰਾਖਵਾਂ ਹੁੰਦਾ ਹੈ ਅਤੇ ਕਾਲਕਾ ਨੇ ਬਤੌਰ ਜਨਰਲ ਸਕੱਤਰ ਮਿਤੀ 1 ਜਨਵਰੀ 2022 ਨੂੰ ਕਮੇਟੀ ਦੇ ਕਾਨਫ਼ਰੰਸ ਹਾਲ ਵਿਚ ਮੀਟਿੰਗ ਦਾ ਸੱਦਾ ਦਿੱਤਾ ਸੀ ਪਰ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁਕੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਇੱਕ ਪੱਤਰ ਭੇਜਕੇ ਵੱਖਰੀ ਅੰਤਰਿਮ ਬੋਰਡ ਦੀ ਮੀਟਿੰਗ ਬੁਲਾਈ ਜਿਸ ਦਾ ਉਨ੍ਹਾਂ ਕੋਲ ਕੋਈ ਅਖਤਿਆਰ ਵੀ ਨਹੀਂ ਹੈ ਇਸ ਲਈ ਸਮੂਹ ਮੈਂਬਰਾਂ ਨੇ ਸਿਰਸਾ ਦੀ ਸੱਦੀ ਮੀਟਿੰਗ ਨੂੰ ਸਿਰੇ ਤੋਂ ਨਕਾਰਦਿਆਂ ਉਸ ਵਿਚ ਸ਼ਾਮਲ ਹੋਏ ਮੈਂਬਰਾਂ ’ਤੇ ਕਾਰਵਾਈ ਦੇ ਮੱਤੇ ਨੂੰ ਪ੍ਰਵਾਨਗੀ ਦਿੱਤੀ।
- ਹਰਿਗੋਬਿੰਦ ਐਨਕਲੇਵ ਵਿਖੇ ਚਲ ਰਹੇ ਕਮੇਟੀ ਦੇ ਅਦਾਰੇ ਵਿਚ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਸ਼ੂਟਿੰਗ ਰੇਂਜ ਜਿਮ ਅਤੇ ਕੰਪਿਉਟਰ ਸੈਂਟਰ ਵਿਖੇ ਹੋਏ ਸਕੈਂਡਲ ਦਾ ਪਰਦਾਫ਼ਾਸ਼ ਹੋਣ ਮਗਰੋਂ ਇਸ ਦੀ ਜਾਂਚ ਲਈ 3 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਕੁਲਵੰਤ ਸਿੰਘ ਬਾਠ, ਹਰਿੰਦਰਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਰੋਹਿਣੀ ਸ਼ਾਮਲ ਹਨ ਉਹ ਜਾਂਚ ਕਰਕੇ ਸੱਚ ਸੰਗਤ ਸਾਹਮਣੇ ਲਿਆਉਣਗੇ।
https://www.facebook.com/thekhabarsaar/