- 4 ਲਾ+ਸ਼ਾਂ ਕੱਢੀਆਂ, ਬਚਾਅ ਕਾਰਜ ਜਾਰੀ
ਮਹਾਰਾਸ਼ਟਰ, 20 ਜੁਲਾਈ 2023 – ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਜ਼ਮੀਨ ਖਿਸਕਣ ਦੀ ਲਪੇਟ ‘ਚ ਪੂਰਾ ਪਿੰਡ ਆ ਗਿਆ ਹੈ। ਜ਼ਮੀਨ ਖਿਸਕਣ ਦੀ ਇਸ ਘਟਨਾ ਵਿੱਚ 50 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਮੌਕੇ ‘ਤੇ NDRF ਦੀਆਂ 4 ਟੀਮਾਂ ਰਾਹਤ ਬਚਾਅ ‘ਚ ਲੱਗੀਆਂ ਹੋਈਆਂ ਹਨ। ਮਲਬੇ ‘ਚੋਂ 4 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ।
ਰਾਏਗੜ੍ਹ ਪੁਲਸ ਮੁਤਾਬਕ ਮਲਬੇ ‘ਚੋਂ ਹੁਣ ਤੱਕ 4 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 3 ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਹੈ। ਦੱਸ ਦੇਈਏ ਕਿ ਬੀਤੀ ਦੇਰ ਰਾਤ ਰਾਏਗੜ੍ਹ ਜ਼ਿਲੇ ਦੀ ਖਾਲਾਪੁਰ ਤਹਿਸੀਲ ਦੇ ਇਰਸ਼ਾਲਵਾੜੀ ਪਿੰਡ ‘ਚ ਭਾਰੀ ਢਿੱਗਾਂ ਡਿੱਗ ਗਈਆਂ। ਪੂਰੇ ਪਿੰਡ ‘ਤੇ ਪਹਾੜ ਦੀ ਮਿੱਟੀ ਪੂਰੀ ਤਰ੍ਹਾਂ ਡਿੱਗ ਗਈ। ਢਿੱਗਾਂ ਡਿੱਗਣ ਕਾਰਨ 17 ਮਕਾਨਾਂ ਦੇ ਮਿੱਟੀ ਵਿੱਚ ਦੱਬੇ ਜਾਣ ਦਾ ਖ਼ਦਸ਼ਾ ਹੈ। ਇਹ ਆਦਿਵਾਸੀਆਂ ਦਾ ਪਿੰਡ ਹੈ।
ਅੱਧੀ ਰਾਤ ਨੂੰ ਵਾਪਰੇ ਇਸ ਹਾਦਸੇ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ। ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ 25 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਰਾਹਤ ਅਤੇ ਬਚਾਅ ਕੰਮ ਲਗਾਤਾਰ ਜਾਰੀ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਵੀ ਮੌਕੇ ‘ਤੇ ਮੌਜੂਦ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਮੌਕੇ ‘ਤੇ ਰਵਾਨਾ ਹੋ ਗਏ ਹਨ।
ਜਾਣਕਾਰੀ ਅਨੁਸਾਰ ਪਿੰਡ ਦੇ ਕਰੀਬ 200 ਤੋਂ 250 ਲੋਕ ਸਨ। ਮਲਬੇ ਹੇਠ 50 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਪਹਾੜ ਦੀ ਮਿੱਟੀ ਖਿਸਕਣ ਕਾਰਨ ਪੂਰਾ ਪਿੰਡ ਢਿੱਗਾਂ ਦੀ ਲਪੇਟ ਵਿੱਚ ਆ ਗਿਆ। ਕੁਝ ਲੋਕ ਆਪਣੇ-ਆਪ ਬਾਹਰ ਆ ਗਏ ਸਨ। ਇਸ ਲਈ ਇਹ ਕਹਿਣਾ ਮੁਸ਼ਕਿਲ ਹੈ ਕਿ ਘਟਨਾ ਦੇ ਸਮੇਂ ਉੱਥੇ ਕਿੰਨੇ ਲੋਕ ਮੌਜੂਦ ਸਨ।