ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਅਸਤੀਫ਼ਾ ਵਾਪਸ ਲੈਂਦਿਆਂ ਮੁੜ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈ। DSGMC ਦੇ ਪ੍ਰਧਾਨ ਵਜੋਂ ਦਿੱਤਾ ਅਸਤੀਫਾ ਤਕਰੀਬਨ ਇਕ ਮਹੀਨੇ ਮਗਰੋਂ ਵੀ ਪ੍ਰਵਾਨ ਨਾ ਹੋਣ ਕਾਰਨ ਉਪਜੇ ਹਾਲਾਤ ਅਤੇ ਦੋ ਦਰਜਨ ਦੇ ਕਰੀਬ ਮੈਂਬਰਾਂ ਵੱਲੋਂ ਕੀਤੀ ਅਪੀਲ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਬਤੌਰ ਪ੍ਰਧਾਨ ਦਿੱਤਾ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਦਿੱਲੀ ਕਮੇਟੀ ਦੇ ਮੈਂਬਰਾਂ ਨੇ ਸਿਰਸਾ ਨੁੰ ਇਕ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਉਹਨਾਂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਜਨਰਲ ਇਜਲਾਸ ਨਾ ਹੋ ਸਕਣ ਤੇ ਨਵੀਂ ਟੀਮ ਦੀ ਚੋਣ ਨਾ ਹੋ ਸਕਣ ਕਾਰਨ ਕਮੇਟੀ ਦਾ ਕੰਮਕਾਜ ਪ੍ਰਭਾਵਤ ਹੋ ਰਿਹਾ ਹੈ।
ਸਕੂਲਾਂ ਦੇ ਸਟਾਫ ਨੁੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਸਕੀਆਂ, ਗੁਰਪੁਰਬ ਦੀਆਂ ਤਨਖਾਹਾਂ ਤੇ ਵਜ਼ੀਫੇ ਮਿਲਣ ਦੇ ਕੋਈ ਆਸਾਰ ਨਹੀਂ ਹਨ ਕਿਉਂਕਿ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਚਲ ਰਹੇ। ਇਹਨਾਂ ਮੈਂਬਰਾਂ ਨੇ ਕਿਹਾ ਕਿ ਮਨਜਿੰਦਰ ਸਿਰਸਾ ਵੱਲੋਂ ਬਤੌਰ ਪ੍ਰਧਾਨ 3 ਸਾਲ ਅਤੇ ਬਤੌਰ ਜਨਰਲ ਸਕੱਤਰ 6 ਸਾਲ ਤੱਕ ਦਿੱਤੀਆਂ ਸੇਵਾਵਾਂ ਦੀ ਬਦੌਲਤ ਕਮੇਟੀ ਦਾ ਕੰਮਕਾਜ ਬਹੁਤ ਚੰਗਾ ਚੱਲਿਆ ਹੈ ਜਿਸ ਨਾਲ ਉਹਨਾਂ ਦੀ ਵੀ ਦੇਸ਼ ਵਿਦੇਸ਼ ਵਿਚ ਪ੍ਰਸਿੱਧੀ ਹੋਈ ਹੈ। ਇਹਨਾਂ ਮੈਂਬਰਾਂ ਨੇ ਸਿਰਸਾ ਨੁੰ ਅਪੀਲ ਕੀਤੀ ਕਿ ਜਦੋਂ ਤੱਕ ਨਵੀਂ ਕਮੇਟੀ ਦਾ ਗਠਨ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਕਮੇਟੀ ਦੇ ਪ੍ਰਧਾਨ ਵਜੋਂ ਕਮੇਟੀ ਦਾ ਕੰਮਕਾਜ ਆਪਣੀ ਦੇਖ ਰੇਖ ਚਲਾਉਣ।
ਮੈਂਬਰਾਂ ਦੀ ਅਪੀਲ ਨੁੰ ਵੇਖਦਿਆਂ ਸਰਦਾਰ ਸਿਰਸਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਤੇ ਸਪਸ਼ਟ ਕੀਤਾ ਹੈ ਕਿ 20 ਜਨਵਰੀ ਨੂੰ ਨਵੀਂ ਟੀਮ ਦੀ ਚੋਣ ਹੋਣ ਤੱਕ ਉਹ ਬਤੌਰ ਪ੍ਰਧਾਨ ਕਮੇਟੀ ਲਈ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਉਹਨਾਂ ਕਿਹਾ ਕਿ ਜਦੋਂ ਨਵੀਂ ਟੀਮ ਦੀ ਚੋਣ ਹੋ ਜਾਵੇਗੀ ਤਾਂ ਉਹ ਨਵੀਂ ਟੀਮ ਨੁੰ ਸਾਰਾ ਕੰਮਕਾਜ ਸੌਂਪ ਦੇਣਗੇ। ਸਿਰਸਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਇਹ ਫੈਸਲਾ ਸਿਰਫ ਇਸ ਕਰ ਕੇ ਲਿਆ ਹੈ ਤਾਂ ਜੋ ਕਮੇਟੀ ਦਾ ਕੰਮਕਾਜ ਪ੍ਰਭਾਵਤ ਨਾ ਹੋ ਸਕੇ। ਉਹਨਾਂ ਕਿਹਾ ਕਿ ਉਹ ਪ੍ਰਬੰਧਕਾਂ ਨੁੰ ਹਰ ਤਰੀਕੇ ਨਾਲ ਸਹਿਯੋਗ ਦੇਣਗੇ ਅਤੇ ਉਹਨਾਂ ਨੇ ਬੈਂਕਾਂ ਨੂੰ ਵੀ ਸੂਚਿਤ ਕੀਤਾ ਹੈ ਤੇ ਕਮੇਟੀ ਪ੍ਰਬੰਧਕਾਂ ਨੁੰ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਤੇ ਜਦੋਂ ਤੱਕ ਤਕਨੀਕੀ ਤੌਰ ‘ਤੇ ਮਸਲਾ ਹੱਲ ਨਹੀਂ ਹੋ ਜਾਂਦਾ ਜਾਂ ਫਿਰ ਨਵੀਂ ਟੀਮ ਦੀ ਚੋਣ ਨਹੀਂ ਹੋ ਜਾਂਦੀ, ਉਹ ਬਤੌਰ ਪ੍ਰਧਾਨ ਇਹ ਸੇਵਾਵਾਂ ਕੌਮ ਵਾਸਤੇ ਦਿੰਦੇ ਰਹਿਣਗੇ।
https://www.facebook.com/thekhabarsaar/