ਅੰਮ੍ਰਿਤਸਰ, 19 ਜੁਲਾਈ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਜਨਾਲਾ ਜਾ ਰਹੀ ਇੱਕ ਮਿੰਨੀ ਬੱਸ ਸੰਤੁਲਨ ਗੁਆਉਣ ਕਾਰਨ ਪਲਟ ਗਈ। ਘਟਨਾ ‘ਚ ਕਰੀਬ 8 ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਇਕ ਬੱਚੇ ਸਮੇਤ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਯਾਤਰੀਆਂ ਨੂੰ ਐਂਬੂਲੈਂਸ 108 ਰਾਹੀਂ ਅਜਨਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੋਬਨ ਬੱਸ ਸਰਵਿਸ ਦੀ ਪੀਬੀ06 ਈ 2831 ਬੱਸ ਅਜਨਾਲਾ ਤੋਂ ਅੰਮ੍ਰਿਤਸਰ ਜਾ ਰਹੀ ਸੀ। ਜਦੋਂ ਮਿੰਨੀ ਬੱਸ ਗੁਰਦੁਆਰਾ ਮੋਰਚਾ ਸਾਹਿਬ ਨੇੜੇ ਰਾਣੀਵਾਲ ਨਹਿਰ ਕੋਲ ਪੁੱਜੀ ਤਾਂ ਸਾਹਮਣੇ ਤੋਂ ਇੱਕ ਐਕਟਿਵਾ ਸਵਾਰ ਆ ਗਿਆ, ਜਿਸ ਨੂੰ ਬਚਾਉਣ ਲਈ ਡਰਾਈਵਰ ਨੇ ਸਟੇਅਰਿੰਗ ਘੁੰਮਾ ਦਿੱਤੀ। ਇਸ ਤੋਂ ਬਾਅਦ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੱਸ ਪਲਟ ਗਈ। ਸਵਾਰੀਆਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਬੱਸ ਦਾ ਅਗਲਾ ਸ਼ੀਸ਼ਾ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ।
ਪਿੰਡ ਵਾਸੀਆਂ ਨੇ ਐਂਬੂਲੈਂਸ ਲਈ 108 ‘ਤੇ ਫੋਨ ਕੀਤਾ। ਸਵਾਰੀਆਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ 6 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਿਰ ਵਿੱਚ ਸੱਟ ਵਾਲੇ ਮਰੀਜ਼ ਨੂੰ ਸੀਟੀ ਸਕੈਨ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਬੱਚੇ ਦੀ ਬਾਂਹ ਦੀ ਹੱਡੀ ਟੁੱਟ ਗਈ ਹੈ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਮੁਰੰਮਤ ਅਤੇ ਚੌੜੀ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸੜਕ ਛੋਟੀ ਹੋ ਗਈ ਹੈ ਅਤੇ ਹਾਲਤ ਵੀ ਖਰਾਬ ਹੈ।