ਪੰਜਾਬ ਪੁਲਿਸ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਹੱਤਿਆ ਮਾਮਲੇ ’ਚ ਦੂਜਾ ਭਗੌੜਾ ਸ਼ੂਟਰ ਗ੍ਰਿਫਤਾਰ

  • ਦੋਸ਼ੀ ਨੂੰ ਦੁਬਈ ਦੀ ਉਡਾਣ ਫੜਨ ਤੋਂ ਕੁਝ ਸਮਾਂ ਪਹਿਲਾਂ ਮੁੰਬਈ ਹਵਾਈ ਅੱਡੇ ਤੋਂ ਕੀਤਾ ਕਾਬੂ

ਚੰਡੀਗੜ੍ਹ, 29 ਜਨਵਰੀ 2021 – ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਪਿਛਲੇ ਸਾਲ 16 ਅਕਤੂਬਰ ਵਾਲੇ ਦਿਨ ਕਾਮਰੇਡ ਬਲਵਿੰਦਰ ਸਿੰਘ ਦੀ ਸਨਸਨੀਖੇਜ਼ ਹੱਤਿਆ ਮਾਮਲੇ ਵਿੱਚ ਸ਼ਾਮਲ ਦੂਜੇ ਸ਼ੂਟਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀ ਵਿਅਕਤੀ ਨੂੰ ਦੁਬਈ ਦੀ ਉਡਾਣ ਫੜਨ ਤੋਂ ਕੁਝ ਘੰਟੇ ਪਹਿਲਾਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ।

ਇੰਦਰਜੀਤ ਨੇ ਗੁਰਜੀਤ ਸਿੰਘ ਉਰਫ ਭਾਅ ਦੇ ਨਾਲ ਮਿਲਕੇ ਕਾਮਰੇਡ ਬਲਵਿੰਦਰ ਸਿੰਘ ਨੂੰ ਭਿਖੀਵਿੰਡ, ਤਰਨਤਾਰਨ ਵਿਖੇ ਉਸਦੀ ਰਿਹਾਇਸ਼ ਕਮ ਸਕੂਲ ਵਿੱਚ ਗੋਲੀ ਮਾਰ ਦਿੱਤੀ ਸੀ।

ਡੀਜੀਪੀ ਪੰਜਾਬ ਦਿਨਕਰ ਗੁਪਤਾ ਅਨੁਸਾਰ ਗੁਰਜੀਤ ਸਿੰਘ ਨੂੰ ਬੀਤੀ 7 ਦਸੰਬਰ ਨੂੰ ਦਿੱਲੀ ਪੁਲਿਸ ਨੇ ਉਸਦੇ ਸਾਥੀ ਸੁਖਜੀਤ ਸਿੰਘ ਉਰਫ ਬੁੜਾ ਸਮੇਤ ਗ੍ਰਿਫਤਾਰ ਕੀਤਾ ਸੀ। ਗੁਪਤਾ ਨੇ ਦੱਸਿਆ ਕਿ ਜਦੋਂ ਗੁਰਜੀਤ ਅਤੇ ਇੰਦਰਜੀਤ ਸਿੰਘ ਨੇ ਗੋਲੀਬਾਰੀ ਕੀਤੀ ਤਾਂ ਉਸ ਵੇਲੇ ਸੁਖਜੀਤ ਘਟਨਾ ਸਥਾਨ ਤੋਂ ਥੋੜੀ ਦੂਰੀ ’ਤੇ ਮੌਜੂਦ ਸੀ।

ਗੁਪਤਾ ਨੇ ਕਿਹਾ ਕਿ ਮੱੁਢਲੀ ਪੁੱਛਗਿੱਛ ਦੌਰਾਨ ਇੰਦਰਜੀਤ ਨੇ ਖੁਲਾਸਾ ਕੀਤਾ ਕਿ ਦੋ ਵਿਦੇਸ਼ੀ ਖਾਲਿਸਤਾਨੀ ਕਾਰਕੁਨਾਂ ਨੇ ਉਸ ਦੀਆਂ ਕੱਟੜਪੰਥੀ ਪੋਸਟਾਂ ਕਾਰਨ ਮਾਰਚ 2020 ਵਿੱਚ ਉਸ ਨਾਲ ਫੇਸਬੁੱਕ ਉੱਤੇ ਸੰਪਰਕ ਕੀਤਾ ਸੀ। ਉਸਨੇ ਕਬੂਲ ਕੀਤਾ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਨੂੰ ਅੰਜ਼ਾਮ ਦੇਣ ਲਈ ਇਨਾਂ ਖ਼ਾਲਿਸਤਾਨੀ ਕਾਰਕੁਨਾਂ ਨੇ ਉਸਨੂੰ ਪ੍ਰੇਰਿਤ ਕੀਤਾ ਸੀ।

ਦੋਸ਼ੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਸ ਦੇ ਦੋ ਵਿਦੇਸ਼ੀ ਸੰਚਾਲਕਾਂ ਵਿਚੋਂ ਕੈਨੇਡਾ ਵਾਸੀ ਸੰਨੀ ਨੇ ਪਹਿਲਾਂ ਉਸ ਨੂੰ ਕਾਮਰੇਡ ਬਲਵਿੰਦਰ ਸਿੰਘ ਦੀ ਰਿਹਾਇਸ਼ ਦਾ ਪਤਾ ਲਗਾਉੁਣ ਅਤੇ ਬਾਅਦ ਵਿਚ ਭਗੌੜੇ ਗੈਂਗਸਟਰ ਸੁਖ ਭਿਖਾਰੀਵਾਲ ਨਾਲ ਉਸਦੇ ਸੰਪਰਕ ਵਿਚ ਮਦਦ ਕਰਨ ਦਾ ਜ਼ਿੰਮਾ ਸੌਂਪਿਆ ਸੀ ਤਾਂ ਜੋ ਉਹ ਆਪਣੀ ਯੋਜਨਾ ਨੂੰ ਅੰਜ਼ਾਮ ਦੇ ਸਕਣ।

ਗੁਪਤਾ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੰਨੀ ਨੇ ਇੰਦਰਜੀਤ ਅਤੇ ਉਸਦੇ ਸਾਥੀਆਂ ਨੂੰ ਵਿੱਤੀ ਅਤੇ ਲੌਜਿਸਟਿਕ ਸਹਾਇਤਾ ਦਿੱਤੀ ਸੀ। ਡੀਜੀਪੀ ਨੇ ਦੱਸਿਆ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਕਰਨ ਤੋਂ ਬਾਅਦ ਇਹ ਤਿੰਨੇ ਵਿਅਕਤੀ ਪੰਜਾਬ ਤੋਂ ਫਰਾਰ ਹੋ ਗਏ ਅਤੇ ਵੱਖ-ਵੱਖ ਟਿਕਾਣਿਆਂ ’ਤੇ ਚਲੇ ਗਏ।

ਉਨਾਂ ਦੱਸਿਆ ਕਿ ਗੁਰਜੀਤ ਅਤੇ ਸੁਖਜੀਤ ਨੂੰ ਦਿੱਲੀ ਪੁਲਿਸ ਨੇ ਦਸੰਬਰ ਵਿਚ ਕਾਬੂ ਕਰ ਲਿਆ ਜਦਕਿ ਇੰਦਰਜੀਤ ਫਰਾਰ ਰਿਹਾ ਜਿਸਨੇ ਬਿਹਾਰ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਵੱਖ-ਵੱਖ ਥਾਵਾਂ ’ਤੇ ਪਨਾਹ ਲਈ। ਗੁਪਤਾ ਨੇ ਦੱਸਿਆ ਕਿ ਉਸਦੀ ਭਾਲ ਵਿੱਚ ਲੱਗੀ ਤਰਨਤਾਰਨ ਪੁਲਿਸ ਦੀ ਜਾਂਚ ਟੀਮ ਨੂੰ ਸੂਹ ਮਿਲੀ ਕਿ ਇੰਦਰਜੀਤ ਵਿਦੇਸ਼ ਨੂੰ ਫਰਾਰ ਹੋਣ ਲਈ ਮੁੰਬਈ ਜਾ ਰਿਹਾ ਹੈ।

ਇੰਦਰਜੀਤ ਨੇ ਇਹ ਵੀ ਕਬੂਲ ਕੀਤਾ ਕਿ ਉਸਨੂੰ ਸੰਨੀ ਨੇ 25 ਜਨਵਰੀ ਨੂੰ ਮੁੰਬਈ ਬੁਲਾਇਆ ਸੀ ਜਿਸਨੇ ਉਸਦੇ ਈ-ਵੀਜ਼ਾ ਅਤੇ ਦੁਬਈ ਜਾਣ ਲਈ ਟਿਕਟ ਦਾ ਪ੍ਰਬੰਧ ਕੀਤਾ।

ਗੁਪਤਾ ਨੇ ਦੱਸਿਆ ਕਿ ਪਿਛਲੇ ਸਾਲ 31 ਅਕਤੂਬਰ ਅਤੇ 1 ਨਵੰਬਰ ਨੂੰ ਗੁਰਦਾਸਪੁਰ ਦੇ ਰਹਿਣ ਵਾਲੇ ਸੁਖਰਾਜ ਸਿੰਘ ਉਰਫ ਸੁੱਖਾ ਅਤੇ ਰਵਿੰਦਰ ਸਿੰਘ ਉਰਫ ਗਿਆਨ ਅਤੇ ਲੁਧਿਆਣਾ ਦੇ ਅਕਾਸ਼ਦੀਪ ਅਰੋੜਾ ਦੀ ਗਿ੍ਰਫਤਾਰੀ ਤੋਂ ਬਾਅਦ ਗੋਲੀਬਾਰੀ ਮਾਮਲੇ ਵਿੱਚ ਗੁਰਜੀਤ ਅਤੇ ਸੁਖਜੀਤ ਦੀ ਸ਼ਮੂਲੀਅਤ ਤੋਂ ਪਰਦਾ ਉੱਠਿਆ।ਇਨਾਂ ਦੋਵਾਂ ਨੇ ਸੁਖਮੀਤ ਪਾਲ ਸਿੰਘ ਉਰਫ ਸੁਖ ਦੇ ਨਾਮ ਦਾ ਵੀ ਖੁਲਾਸਾ ਕੀਤਾ ਜਿਸ ਨੇ ਇਸ ਯੋਜਨਾ ਅਤੇ ਹੱਤਿਆ ਨੂੰ ਅੰਜ਼ਾਮ ਦੇਣ ਲਈ ਉਨਾਂ ਦੀ ਸਹਾਇਤਾ ਕੀਤੀ ਸੀ।

ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸ਼ੱਕੀ ਵਿਅਕਤੀਆਂ ਦੇ ਖੁਲਾਸਿਆਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਕਾਮਰੇਡ ਬਲਵਿੰਦਰ ਸਿੰਘ ਨੂੰ ਮਾਰਨ ਦੀ ਪੂਰੀ ਸਾਜਿਸ਼ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈ.ਐਸ.ਵਾਈ.ਐਫ. ਦੇ ਪਾਕਿਸਤਾਨ ਅਧਾਰਤ ਸਵੈ-ਘੋਸ਼ਿਤ ਚੀਫ਼ ਲਖਵੀਰ ਸਿੰਘ ਰੋਡੇ ਅਤੇ ਉਸ ਦੇ ਪਾਕਿ ਅਧਾਰਤ ਆਈ.ਐਸ.ਆਈ. ਸੰਚਾਲਕਾਂ ਦੁਆਰਾ ਘੜੀ ਗਈ ਸੀ। ਉਨਾਂ ਦੱਸਿਆ ਕਿ ਰੋਡੇ ਨੇ ਸੁਖ ਸੁਖਮੀਤ ਪਾਲ ਅਤੇ ਸੰਨੀ ਨੂੰ ਹੱਤਿਆ ਦੀ ਜ਼ਿੰਮੇਵਾਰੀ ਦਿੱਤੀ ਸੀ।

ਇਤਫਾਕਨ ਫਰਜ਼ੀ ਪਾਸਪੋਰਟ ’ਤੇ ਦੁਬਈ ਵਿਚ ਰਹਿ ਰਹੇ ਸੁਖਮੀਤ ਨੂੰ ਦੁਬਈ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ ਅਤੇ ਬਾਅਦ ਵਿਚ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ ਅਤੇ ਇੱਥੇ ਆਉਣ ’ਤੇ ਦਿੱਲੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।

ਗੁਪਤਾ ਨੇ ਕਿਹਾ ਕਿ ਕਿਉਂਕਿ ਐਨਆਈਏ ਵੱਲੋਂ ਇਸ ਕੇਸ ਵਿੱਚ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਤਾਂ ਕੇਸ ਦੇ ਤਬਾਦਲੇ ਦੀ ਰਸਮੀ ਕਾਰਵਾਈ ਪੂਰੀ ਹੋਣ ਉਪਰੰਤ ਇੰਦਰਜੀਤ ਨੂੰ ਉਨਾਂ ਹਵਾਲੇ ਕਰ ਦਿੱਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਆਗੂਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਨਾ ਪੂਰੀ ਤਰ੍ਹਾਂ ਗਲਤ: ਕੈਪਟਨ