ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੇ ਪੰਜਾਬ ਦੇ ਬਾਕੀ ਸਾਰੇ ਮੁੱਦੇ ਫ਼ਿਲਹਾਲ ਕਿਸੇ ਠੰਡੇ ਬਸਤੇ ਪਾ ਦਿੱਤੇ ਹਨ। ਸੋਸ਼ਲ ਮੀਡੀਆ ਸਮੇਤ ਹਰ ਚੈੱਨਲ ਉੱਤੇ ਨਵਜੋਤ ਸਿੰਘ ਸਿੱਧੂ ਦੀਆਂ ਹੀ ਚਰਚਾਵਾਂ ਚੱਲ ਰਹੀਆਂ ਹਨ। ਇੱਕ ਰਾਤ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਵਾਲੇ ਘਰ ਦੇ ਬੰਬ ਆਹਰ ਢੋਲ ਵੱਜੇ, ਜਸ਼ਨ ਮਨਾਏ ਗਏ। ਬੁਧਵਾਰ ਦੀ ਸਵੇਰ ਮੰਤਰੀ ਤੇ ਵਿਧਾਇਕ ਉਹਨਾਂ ਦੇ ਅੰਮ੍ਰਿਤਸਰ ਵਾਲੇ ਘਰ ਪਹੁੰਚੇ। ਜਿੱਥੋਂ 62 ਕਾਂਗਰਸੀ ਵਿਧਾਇਕਾਂ ਅਤੇ 4 ਮੰਤਰੀਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਪਹੁੰਚੇ। ਸ੍ਰੀ ਦਰਬਾਰ ਸਾਹਿਬ ਵਿਖੇ ਸਿੱਧੂ ਬੱਸ ਵਿੱਚ ਸਵਾਰ ਹੋਕੇ ਆਏ।
ਨਵਜੋਤ ਸਿੰਘ ਸਿੱਧੂ ਦੇ ਨਾਲ ਦਰਬਾਰ ਸਾਹਿਬ ਵਿਖੇ 4 ਮੰਤਰੀ ਜਿੰਨਾ ਵਿੱਚ ਸੁਖਵਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ। ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕਾਂਗਰਸੀਆਂ ਵੱਲੋਂ ਜੈਕਾਰੇ ਵੀ ਬੁਲਾਏ ਗਏ। ਇਸ ਸਭ ਤੋਂ ਇਹ ਸਾਫ਼ ਨਹੀਂ ਹੋਇਆ ਕਿ ਨਵਜੋਤ ਸਿੰਘ ਸਿੱਧੂ, ਦਰਬਾਰ ਸਾਹਿਬ ਜਾ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਗਏ ਸਨ ਜਾਂ ਫਿਰ ਪੰਜਾਬੀਆਂ ਨੂੰ ਆਪਣਾ ਸ਼ਕਤੀ ਪ੍ਰਦਰਸ਼ਨ ? ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਨੂੰ ਜ਼ਰੂਰ ਮਿਲੀ ਪਰ ਫਿਲਹਾਲ ਉਹਨਾਂ ਵੱਲੋਂ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਨਹੀਂ।
ਜਾਣਕਾਰੀ ਮੁਤਾਬਿਕ ਨਵਜੋਤ ਸਿੰਘ ਸਿੱਧੂ ਸ਼ੁਕਰਵਾਰ 23 ਜੁਲਾਈ ਨੂੰ 11 ਵਜੇ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ। ਇਹ ਕੁਲਜੀਤ ਨਾਗਰਾ ਦਾ ਕਹਿਣਾ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਵੱਲੋਂ ਸਿੱਧੂ ਨਾਲ ਮੁਲਾਕਾਤ ਨਾ ਕਰਨ ਦੀ ਗੱਲ ਆਖੀ ਜਾ ਰਹੀ ਹੈ। ਬ੍ਰਹਮ ਮਹਿੰਦਰਾ ਨੇ ਆਖਿਆ ਕਿ ਜਦੋਂ ਤੱਕ ਨਵਜੋਤ ਸਿੱਧੂ ਆਪਣਾ ਰੇੜਕਾ ਕੈਪਟਨ ਅਮਰਿੰਦਰ ਸਿੰਘ ਨਾਲ ਖਤਮ ਨਹੀਂ ਕਰ ਲੈਂਦੇ ਓਨਾ ਚਿਰ ਉਹ ਨਵਜੋਤ ਸਿੱਧੂ ਨੂੰ ਨਹੀਂ ਮਿਲਣਗੇ। ਇਸ ਨਾਲ ਇਹ ਤਾਂ ਸਾਫ਼ ਹੋ ਗਿਆ ਕਿ ਸਿੱਧੂ ਨੂੰ ਪ੍ਰਧਾਨਗੀ ਜ਼ਰੂਰ ਮਿਲੀ ਪਰ ਉਹ ਪੰਜਾਬ ਕਾਂਗਰਸ ਨੂੰ ਇੱਕਜੁਟ ਕਰਨ ਵਿੱਚ ਫਿਲਹਾਲ ਫਾਡੀ ਹਨ। ਉਹਨਾਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ ਪੂਰੀ ਪੰਜਾਬ ਕਾਂਗਰਸ ਨੂੰ ਇਕੱਠਿਆਂ ਕਰਨ ਲਈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ