ਸੁਨੀਲ ਜਾਖੜ ਦੇ ਘਰ ਜਾ ਕੇ 45 ਮਿੰਟ ਦੀ ਮੁਲਾਕਾਤ ਮਗਰੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਕਈ ਵੱਡੇ ਲੀਡਰਾਂ ਸਮੇਤ ਹੋਰ ਆਗੂਆਂ ਨੂੰ ਮਿਲੇ। ਨਵਜੋਤ ਸਿੱਧੂ ਚੰਡੀਗੜ੍ਹ ਵਿਖੇ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਵਿੱਚ ਰੰਧਾਵਾ ਤੋਂ ਇਲਾਵਾ ਲਾਲ ਸਿੰਘ, ਅਮਰਿੰਦਰ ਰਾਜਾ ਵੜਿੰਗ, ਵਿਧਾਇਕ ਪਾਹੜਾ, ਕੁਲਬੀਰ ਜ਼ੀਰਾ ਤੋਂ ਇਲਾਵਾ ਅੱਧਾ ਦਰਜਨ ਹੋਰ ਕਾਂਗਰਸੀਆਂ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ਉੱਤੇ ਮੁਲਾਕਾਤ ਕੀਤੀ। ਇਹਨਾਂ ਮੁਲਾਕਾਤਾਂ ਤੋਂ ਬਾਅਦ ਇਹ ਚਰਚਾ ਨੇ ਜ਼ੋਰ ਫੜ੍ਹਿਆ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨਵਜੋਤ ਸਿੰਘ ਸਿੱਧੂ ਨੂੰ ਮਿਲੇਗੀ।
ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਸੁਨੀਲ ਜਾਖੜ ਨਾਲ ਉਹਨਾਂ ਦੀ ਜੋੜੀ ਹਿੱਟ ਵੀ ਹੈ ਅਤੇ ਫਿੱਟ ਵੀ ਹੈ। ਸੁਨੀਲ ਜਾਖੜ ਉਹਨਾਂ ਦੇ ਵੱਡੇ ਭਰਾ ਅਤੇ ਪਰਿਵਾਰ ਵਾਂਗ ਹਨ ਅਤੇ ਸਿੱਧੂ ਦਾ ਮਾਰਗ ਦਰਸ਼ਕ ਕਰਦੇ ਰਹਿਣਗੇ। ਇਸ ਤੋਂ ਸਾਬਿਤ ਹੋ ਗਿਆ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲ ਰਹੀ ਹੈ। ਕਾਂਗਰਸੀ ਆਗੂਆਂ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੁਝ ਕਾਂਗਰਸੀ ਆਗੂਆਂ ਨਾਲ ਵਾਪਸ ਪਟਿਆਲਾ ਆ ਗਏ। ਜਿੱਥੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਲਦ ਸਿੱਧੂ ਦੇ ਹੱਕ ਵਿੱਚ ਐਲਾਨ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੇ ਸੰਕੇਤ ਦਿੱਤੇ ਸਨ ਕਿ ਜਲਦ ਹੀ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਖਤਮ ਹੋ ਜਾਵੇਗਾ। ਅੱਜ ਦੀਆਂ ਇਹ ਮੁਲਾਕਾਤਾਂ ਇਹੀ ਸਾਬਿਤ ਕਰ ਰਹੀਆਂ ਹਨ ਕਿ ਨਵਜੋਤ ਸਿੱਧੂ ਜੋ ਕਿ ਪੰਜਾਬ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਲਈ ਸਿਰਦਾਰ ਬਣੇ ਹੋਏ ਸਨ, ਹੁਣ ਓਸੇ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਿਰ ਉੱਤੇ ਕਾਂਗਰਸ ਹਾਈਕਮਾਨ ਨੇ ਬਿਠਾ ਦਿੱਤਾ ਹੈ। ਇਹ ਵੀ ਸੰਕੇਤ ਦਿੱਤੇ ਜਾ ਰਹੇ ਹਨ ਕਿ ਸਿੱਧੂ ਦੇ ਨਾਲ 2 ਤੋਂ 4 ਹੋਰ ਲੋਕਾਂ ਨੂੰ ਇਸ ਜ਼ਿੰਮੇਵਾਰੀ ਵਿੱਚ ਸਿੱਧੂ ਦਾ ਸਾਥੀ ਬਣਾਇਆ ਜਾਵੇਗਾ। ਇਹ ਵੀ ਕਿਹਾ ਜਾ ਰਿਹਾ, ਸਿੱਧੂ ਦੇ ਨ ਅਲ 2 ਹੋਰ ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ ਜਿੰਨਾ ਵਿੱਚੋਂ ਇੱਕ ਹਿੰਦੂ ਅਤੇ ਦੂਜਾ ਦਲਿਤ ਹੋਵੇਗਾ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ