ਪੰਜਾਬ ਵਿੱਚ ਸਕੂਲ ਖੁੱਲ੍ਹ ਚੁੱਕੇ ਹਨ ਅਤੇ ਨਾਲ ਹੀ ਕੋਰੋਨਾ ਦੀ ਤੀਸਰੀ ਲਹਿਰ ਬਾਰੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਹ ਵੀ ਕਿਹਾ ਜਾ ਰਿਹਾ ਕੇ ਤੀਸਰੀ ਲਹਿਰ ਬੱਚਿਆਂ ਲਈ ਜਿਆਦਾ ਖਤਰਨਾਕ ਹੋਵੇਗੀ ਇਸੇ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਵਿਡ 19 ਦੀ ਸੰਭਾਵਿਤ ਤੀਜੀ ਲਹਿਰ ਦੀ ਰੋਕਥਾਮ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਵਾਸਤੇ ਜ਼ਿਲਾ ਲੁਧਿਆਣਾ ਵਿੱਚ 10 ਪ੍ਰੈਸਰ ਸਵਿੰਗ ਐਡਸੋਰਪਸਨ (ਪੀ.ਐਸ.ਏ.) ਆਕਸੀਜਨ ਉਤਪਾਦਨ ਪਲਾਂਟਾਂ ਅਤੇ ਪੀਡੀਆਟਿ੍ਰਕ ਇਨਟੈਂਸਿਵ ਕੇਅਰ ਯੂਨਿਟ (ਪੀਆਈਸੀਯੂ) ਦੀ ਸਥਾਪਨਾ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਮੁੱਖ ਸਕੱਤਰ, ਵਿਨੀ ਮਹਾਜਨ ਨੇ ਲੁਧਿਆਣਾ ਵਿਖੇ ਕੋਵਿਡ ਯੋਧਿਆਂ ਦੇ ਸਨਮਾਨ ਵਿੱਚ ਆਯੋਜਿਤ ਇਕ ਸਨਮਾਨ ਸਮਾਰੋਹ ‘ਨਮਨ‘ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ। ਵਿਨੀ ਮਹਾਜਨ ਨੇ ਕਿਹਾ ਕਿ 5,500 ਐਲ.ਪੀ.ਐਮ. (ਲਿਟਰ ਪ੍ਰਤੀ ਮਿੰਟ) ਦੀ ਸਮਰੱਥਾ ਵਾਲੇ 10 ਪੀ.ਐਸ.ਏ. ਪਲਾਂਟਾਂ ਵਿੱਚੋਂ, ਦੋ ਪਲਾਂਟਾਂ ‘ਤੇ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਬਾਕੀ ਦੇ ਪਲਾਂਟ ਵੀ ਇਸ ਮਹੀਨੇ (ਅਗਸਤ) ਦੇ ਅੰਦਰ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ।
ਉਨਾਂ ਕਿਹਾ ਕਿ ਸਿਵਲ ਹਸਪਤਾਲ, ਲੁਧਿਆਣਾ ਵਿਖੇ ਪੀਡੀਆਟਿ੍ਰਕ ਇਨਟੈਂਸਿਵ ਕੇਅਰ ਯੂਨਿਟ (ਪੀ.ਆਈ.ਸੀ.ਯੂ.) ਵੀ ਅਗਲੇ ਹਫਤੇ ਤੱਕ ਤਿਆਰ ਹੋ ਜਾਵੇਗਾ। ਪਹਿਲੀ ਅਤੇ ਦੂਜੀ ਲਹਿਰਾਂ ਨਾਲ ਲੜਾਈ ਵਿੱਚ ਜਿਲ੍ਹਾ ਪ੍ਰਸ਼ਾਸਨ, ਲੁਧਿਆਣਾ ਦੇ ਯਤਨਾਂ ਦੀ ਸਲਾਘਾ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਜਿਲ੍ਹੇ ਦੀ 50 ਫੀਸਦੀ ਯੋਗ ਆਬਾਦੀ ਵੱਲੋਂ ਕੋਵਿਡ ਟੀਕਾਕਰਨ ਦੀ ਪਹਿਲੀ ਜਾਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਸਦਕਾ ਮਹਾਂਮਾਰੀ ਦੀ ਸੰਭਾਵਿਤ ਲਹਿਰ ਨਾਲ ਪ੍ਰਭਾਵਸਾਲੀ ਢੰਗ ਨਾਲ ਲੜਨ ਵਿੱਚ ਮਦਦ ਮਿਲੇਗੀ।
ਉਨਾਂ ਇਹ ਵੀ ਕਿਹਾ ਕਿ ਤੀਜੀ ਲਹਿਰ ਨਜਿੱਠਣ ਨਾਲ ਜੰਗੀ ਪੱਧਰ ‘ਤੇ ਸੈਂਪਲਿੰਗ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਉਨਾਂ ਇਹ ਵੀ ਕਿਹਾ ਕਿ ਮਹਾਂਮਾਰੀ ਖਿਲਾਫ਼ ਲੜਾਈ ਵਿੱਚ ਇੱਕ ਪ੍ਰਮੁੱਖ ਅੰਸ਼ ਵਜੋਂ ਉਭਰ ਰਹੇ ਨਵੇਂ ਵੈਰੀਐਂਟ ਦੀ ਜਲਦੀ ਪਛਾਣ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ.) ਪਟਿਆਲਾ ਵਿਖੇ ਜੀਨੋਮ ਸੀਕੂਐਂਸ ਲੈਬੋਰੇਟਰੀ ਜਲਦੀ ਹੀ ਕੰਮ ਕਰਨਾ ਸੁਰੂ ਕਰ ਦੇਵੇਗੀ। ਉਪਰੰਤ, ਮੁੱਖ ਸਕੱਤਰ ਨੇ ਲੁਧਿਆਣਾ ਜਿਲ੍ਹੇ ਵਿੱਚ ਤੀਜੀ ਲਹਿਰ ਦੀ ਨਿਗਰਾਨੀ ਲਈ ਡਾਟਾ ਇਕੱਤਰ ਕਰਨ ਲਈ ਇੱਕ ਸਾਫਟਵੇਅਰ ਵੀ ਲਾਂਚ ਕੀਤਾ ਹੈ, ਜਿਸ ਦੀ ਮੋਹਾਲੀ ਤੇ ਗੁਰਦਾਸਪੁਰ ਵਿੱਚ ਜਲਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ