ਸਿੰਗਲਾ ਵੱਲੋਂ ਰਾਘਵ ਚੱਢਾ ਨੂੰ ਮੋੜਵਾਂ ਜਵਾਬ, ‘‘ਨਫਾ ਨੁਕਸਾਨ ਦੇਖਣਾ ਆਪ ਦੇ ਸੀ.ਏ. ਦਾ ਕੰਮ, ਪੰਜਾਬ ਦੇ ਸੀ.ਐਮ. ਦਾ ਨਹੀਂ’’

  • ਆਪ ਦੀ ਝੂਠ ਦੀ ਫੈਕਟਰੀ ’ਚੋਂ ਰਾਘਵ ਚੱਢਾ ਵੱਲੋਂ ਛੱਡੇ ਨਵੇਂ ਝੂਠ ਉਤੇ ਪੰਜਾਬ ਦਾ ਛੋਟਾ ਬੱਚਾ ਵੀ ਯਕੀਨ ਨਹੀਂ ਕਰੇਗਾ: ਸਿੰਗਲਾ
  • ਵਾਰ-ਵਾਰ ਝੂਠ ਬੋਲ ਕੇ ਝੂਠ ਨੂੰ ਸੱਚ ਸਾਬਤ ਕਰਨ ਦੀ ਤਾਕ ਵਿੱਚ ਰਹਿੰਦੇ ਆਪ ਆਗੂਆਂ ਦਾ ਦੋਗਲਾ ਚਿਹਰਾ ਬੇਨਕਾਬ ਹੋਇਆ
  • ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਾਸਤੇ ਕਿਤੇ ਵੀ ਆਪਣੀ ਕੁਰਸੀ ਤੇ ਕੇਸਾਂ ਦੀ ਪ੍ਰਵਾਹ ਨਹੀਂ ਕੀਤੀ

ਚੰਡੀਗੜ੍ਹ, 10 ਜਨਵਰੀ 2021 – ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਪ ਆਗੂ ਰਾਘਵ ਚੱਢਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੀਤੀ ਦੂਸ਼ਣਬਾਜ਼ੀ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਮੁੱਚੀ ਆਮ ਆਦਮ ਪਾਰਟੀ ਨੂੰ ਝੂਠ ਬੋਲਣ ਤੇ ਲੋਕਾਂ ਨੂੰ ਗੰੁਮਰਾਹ ਕਰਨ ਦੀ ਆਦਤ ਪੈ ਗਈ ਹੈ। ਉਨਾਂ ਕਿਹਾ, ‘‘ਨਫਾ ਨੁਕਸਾਨ ਦੇਖਣਾ ਆਪ ਦੇ ਸੀ.ਏ. (ਚਾਰਟਡ ਅਕਾਊਂਟੈਂਟ) ਦਾ ਕੰਮ ਹੈ, ਪੰਜਾਬ ਦੇ ਸੀ.ਐਮ. (ਮੁੱਖ ਮੰਤਰੀ ) ਦਾ ਨਹੀਂ।’’

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ੍ਰੀ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਰ ਆਗੂ ਦੀ ਇਹੋ ਮਾਨਸਿਕਤਾ ਹੈ ਕਿ ਵਾਰ-ਵਾਰ ਝੂਠ ਬੋਲਣ ਨਾਲ ਲੋਕਾਂ ਨੂੰ ਗੱਲ ਸੱਚ ਲੱਗਣ ਲੱਗ ਜਾਂਦੀ ਹੈ, ਇਸੇ ਲਈ ਇਸ ਕਲਾ ਵਿੱਚ ਮੁਹਾਰਤ ਹਾਸਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਨਕਸ਼ੇ ਕਦਮਾਂ ਉਤੇ ਰਾਘਵ ਚੱਢਾ ਚੱਲ ਰਿਹਾ ਹੈ। ਉਨਾਂ ਕਿਹਾ ਕਿ ਇਹ ਪਾਰਟੀ ਝੂਠ ਬੋਲਣ ਦੀ ਫੈਕਟਰੀ ਹੈ ਜਿੱਥੋਂ ਨਿੱਤ ਨਵਾਂ ਝੂਠ ਤਿਆਰ ਕਰਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਉਪਰ ਪੰਜਾਬ ਦਾ ਇਕ ਛੋਟਾ ਬੱਚਾ ਵੀ ਹੁਣ ਯਕੀਨ ਨਹੀਂ ਕਰਦਾ।

ਕਾਂਗਰਸੀ ਮੰਤਰੀ ਨੇ ਰਾਘਵ ਚੱਢਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਜਿੰਨੀ ਉਸ ਦੀ ਉਮਰ ਹੈ, ਉਸ ਤੋਂ ਕਿਤੇ ਵੱਧ ਮੁੱਖ ਮੰਤਰੀ ਦਾ ਸਿਆਸੀ ਜੀਵਨ ਹੈ। ਭਾਰਤੀ ਸੈਨਾ ਵਿੱਚ ਨਿਭਾਈਆਂ ਸੇਵਾਵਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਦਾ ਤਜ਼ਰਬਾ ਆਪ ਆਗੂ ਦੇ ਜੀਵਨ ਤੋਂ ਦੋਗੁਣਾ ਹੈ। ਉਨਾਂ ਕਿਹਾ ਕਿ ਰਾਘਵ ਚੱਢਾ ਨੂੰ ਬਿਆਨ ਦੇਣ ਤੋਂ ਪਹਿਲਾਂ ਘੱਟੋ-ਘੱਟ ਪਿਛੋਕੜ ਦੇਖ ਲੈਣਾ ਚਾਹੀਦਾ ਸੀ ਕਿਉਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਖਾਤਰ ਕਿਤੇ ਆਪਣਾ ਨਿੱਜੀ ਨਫਾ ਨੁਕਸਾਨ ਨਹੀਂ ਦੇਖਿਆ, ਇਥੋਂ ਤੱਕ ਕਿ ਆਪਣੀ ਪਾਰਟੀ ਦੀ ਪ੍ਰਵਾਹ ਨਹੀਂ ਕੀਤੀ। ਚਾਰਟਡ ਅਕਾਊਂਟੈਂਟ ਰਾਘਵ ਚੱਢਾ ਹੀ ਨਫਾ ਨੁਕਸਾਨ ਦੇਖਦਾ ਹੋਵੇਗਾ।

ਸਿੰਗਲਾ ਨੇ ਕਿਹਾ ਕਿ ਜੇ ਰਾਘਵ ਚੱਢਾ ਨੂੰ ਪੰਜਾਬ ਦਾ ਇੰਚਾਰਜ ਲਾਇਆ ਹੀ ਹੈ ਤਾਂ ਉਹ ਉਨਾਂ ਦੀ ਜਾਣਕਾਰੀ ਲਈ ਦੱਸ ਦੇਣਾ ਚਾਹੁੰਦੇ ਹਨ ਕਿ ਪੰਜਾਬ ਦੀ ਕਿਸਾਨੀ ਅਤੇ ਸੂਬੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਆਪਣੀ ਹਾਈ ਕਮਾਨ ਤੇ ਗੁਆਂਢੀ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੀ ਪ੍ਰਵਾਹ ਨਾ ਕਰਦਿਆਂ ਪਾਣੀਆਂ ਦਾ ਸਮਝੌਤਾ ਰੱਦ ਕਰ ਦਿੱਤਾ ਸੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਬਾਦਲਾਂ ਵੱਲੋਂ ਦਰਜ ਕੇਸਾਂ ਦੀ ਕਿਤੇ ਪ੍ਰਵਾਹ ਨਹੀਂ ਕੀਤੀ। ਇਥੋਂ ਤੱਕ ਕਿ ਕਿਤੇ ਅਹੁਦੇ ਦਾ ਲਾਲਚ ਨਹੀਂ ਕੀਤਾ ਅਤੇ ਸੂਬੇ ਦੇ ਹਿੱਤਾਂ ਲਈ ਅਸਤੀਫਾ ਦੇਣ ਤੋਂ ਵੀ ਪਿੱਛੇ ਨਹੀਂ ਹਟੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਹੀ ਇਹ ਗੱਲ ਸਪੱਸ਼ਟ ਕਰ ਚੁੱਕੇ ਹਨ ਕਿ ਈ.ਡੀ. ਵੱਲੋਂ ਭਾਵੇਂ ਉਨਾਂ ਦੇ ਪੁੱਤਰ, ਪੋਤਰਿਆਂ-ਪੋਤਰੀਆਂ ਨੂੰ ਕੇਸਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਸੂਬੇ ਵਾਸਤੇ ਕਦੇ ਵੀ ਇਨਾਂ ਦੀ ਪ੍ਰਵਾਹ ਨਹੀਂ ਕਰਨਗੇ। ਸ੍ਰੀ ਸਿੰਗਲਾ ਨੇ ਆਪ ਆਗੂ ਨੂੰ ਵਿਅੰਗ ਕਰਦਿਆਂ ਕਿਹਾ, ‘‘ਕੈਪਟਨ ਅਮਰਿੰਦਰ ਸਿੰਘ ਉਨਾਂ ਦੇ ਬੌਸ ਕੇਜਰੀਵਾਲ ਵਾਂਗ ਡਰਪੋਕ ਸੁਭਾਅ ਦੇ ਨਹੀਂ । ਕੇਜਰੀਵਾਲ ਨੇ ਤਾਂ ਗਿੜਗਿੜਾਉਦੇ ਹੋਏ ਬਿਕਰਮ ਮਜੀਠੀਆ ਕੋਲੋਂ ਮੁਆਫੀ ਮੰਗਦਿਆਂ ਕੇਸ ਹੀ ਵਾਪਸ ਲੈ ਲਿਆ ਸੀ।’’

ਰਾਘਵ ਚੱਢਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਉਤੇ ਦਿੱਲੀ ਵਿਖੇ ਕਿਸਾਨਾਂ ਨੂੰ ਨਾ ਮਿਲਣ ਦੇ ਲਾਏ ਦੋਸ਼ਾਂ ਦਾ ਕਰਾਰ ਜਵਾਬ ਦਿੰਦਿਆਂ ਸ੍ਰੀ ਸਿੰਗਲਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਆਪ ਆਗੂਆਂ ਵਾਂਗ ਫੁਕਰੇ ਤੇ ਸਿਆਸੀ ਸ਼ੋਹਰਤ ਖੱਟਣ ਦੇ ਲਾਲਚੀ ਨਹੀਂ ਜਿਹੜੇ ਕਿਸਾਨਾਂ ਵੱਲੋਂ ਅੰਦੋਲਨ ਵਿੱਚ ਕਿਸੇ ਵੀ ਸਿਆਸੀ ਆਗੂ ਨੂੰ ਸ਼ਾਮਲ ਨਾ ਹੋਣ ਦੀ ਅਪੀਲ ਨੂੰ ਨਾ ਸਮਝਣ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਕਿਸਾਨਾਂ ਦੇ ਅੰਦੋਲਨ ਉਤੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ ਦਾ ਠੱਪਾ ਲੱਗੇ ਅਤੇ ਕਿਸਾਨ ਅੰਦੋਲਨ ਕਮਜ਼ੋਰ ਹੋਵੇ।

ਸਿੰਗਲਾ ਨੇ ਕਿਹਾ ਕਿ ਜਿੱਥੋਂ ਤੱਕ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦੀ ਗੱਲ ਹੈ ਤਾਂ ਪਿਛਲੇ ਪੰਜ ਮਹੀਨਿਆਂ ਤੋਂ ਪੰਜਾਬ ਵਿੱਚ ਸ਼ਾਂਤਮਈ ਸ਼ੰਘਰਸ਼ ਕਰ ਰਹੇ ਸੂਬਾ ਸਰਕਾਰ ਕਿਸਾਨਾਂ ਨੂੰ ਕੋਈ ਤੰਗ-ਪ੍ਰੇਸ਼ਾਨ ਨਹੀਂ ਕੀਤਾ ਗਿਆ ਸਗੋਂ ਕਿਸਾਨ ਆਗੂਆਂ ਨੂੰ ਨਿਰੰਤਰ ਬੁਲਾ ਕੇ ਮੀਟਿੰਗਾਂ ਕੀਤੀਆਂ ਗਈਆਂ। ਇਥੋਂ ਤੱਕ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤੇ ਗਏ। ਦੂਜੇ ਪਾਸੇ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਇਕ ਖੇਤੀ ਕਾਨੂੰਨ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਉਨਾਂ ਕਿਹਾ ਕਿ ਆਪ ਦਾ ਦੋਗਲਾ ਚਿਹਰਾ ਬੇਨਕਾਬ ਹੋਣ ਕਾਰਨ ਆਪ ਆਗੂਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਉਤੇ ਕੋਈ ਵੀ ਸੂਬਾ ਵਾਸੀ ਹੁਣ ਯਕੀਨ ਨਹੀਂ ਕਰੇਗਾ ਕਿਉਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੇ ਦੋਗਲੇ ਚਿਹਰੇ ਨੂੰ ਸਮਝ ਚੁੱਕੇ ਹਨ ਅਤੇ ਉਨਾਂ ਦੇ ਗੁੰਮਕਾਹਕੁਨ ਤੇ ਝੂਠੇ ਪ੍ਰਚਾਰ ਵਿੱਚ ਨਹੀਂ ਆਉਣਗੇ।

ਸਿੰਗਲਾ ਨੇ ਆਪ ਨੂੰ ਅੰਦਾਧੁੰਦ ਅਫ਼ਵਾਹ ਪਾਰਟੀ ਗਰਦਾਨਦਿਆਂ ਕਿਹਾ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੂਬਾ ਪ੍ਰਧਾਨ ਬਣਾਇਆ ਅਤੇ ਪੰਜਾਬ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਸ ਦਾ ਸਾਥ ਦੇਣ ਲਈ ਪਹਿਲਾ ਸੰਜੇ ਸਿੰਘ ਤੇ ਫੇਰ ਜਰਨੈਲ ਸਿੰਘ ਦੀ ਡਿਊਟੀ ਲਗਾਈ ਅਤੇ ਹੁਣ ਆਪਣੀ ਝੂਠ ਦੀ ਫ਼ੈਕਟਰੀ ਚੋ ਨਵੇਂ ਝੂਠਾਂ ਨਾਲ ਰਾਘਵ ਚੱਢਾ ਨੂੰ ਪੰਜਾਬ ਭੇਜਿਆ ਗਿਆ ਜਿਸ ਨੂੰ ਪੰਜਾਬੀ ਬੇਰੰਗ ਮੋੜਨਗੇ। ਉਨ੍ਹਾਂ ਕਿਹਾ ਕਿ ਆਰਐਸਐਸ ਦੇ ਇਸ਼ਾਰੇ ਉਤੇ ਚੱਲਦੇ ਕੇਜਰੀਵਾਲ ਨੇ ਪਹਿਲਾ ਸੀਏਏ ਦੇ ਮੁੱਦੇ ਉਤੇ ਮੂੰਹ ਨਹੀਂ ਖੋਲ੍ਹਿਆ ਅਤੇ ਹੁਣ ਪੰਜਾਬ ਵਾਂਗ ਕਾਲੇ ਖੇਤੀ ਕਾਨੂੰਨਾਂ ਖਿਲ਼ਾਫ ਸੂਬੇ ਦੀ ਵਿਧਾਨ ਸਭਾ ਵਿੱਚ ਕੋਈ ਬਿੱਲ ਨਹੀਂ ਪਾਸ ਕੀਤਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ‘ਬੀ’ ਪਾਰਟੀ ਵਾਂਗ ਕੰਮ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਲੰਧਰ ‘ਚ ਕਾਂਗਰਸੀਆਂ ਵੱਲੋਂ ਭਾਜਪਾ ਦੇ ਖਿਲਾਫ ਪ੍ਰਦਰਸ਼ਨ, ਪੁਲਿਸ ਨੇ ਰੋਕਿਆ, ਹੋਈ ਧੱਕਾ ਮੁਕੀ

ਖੱਟਰ ਦੀ ਮਹਾਂ ਪੰਚਾਇਤ ਦਾ ਵਿਰੋਧ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ