ਪੰਜਾਬ ਵਿੱਚ ਸਿੱਖਿਆ ਅਤੇ ਸਮਾਜਕ ਸੇਵਾਵਾਂ ਦੀ ਸੇਵਾ ਵਿੱਚ ਲੱਗੇ ਲਗਭਗ 30 ਚੋਟੀ ਦੇ ਸਿੱਖਿਆਰਥੀਆਂ ਦਾ ਵਫ਼ਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਉਨ੍ਹਾਂ ਦੀ ਰਿਹਾਇਸ਼ ਨਵੀਂ ਦਿੱਲੀ ਵਿਖੇ ਮੁਲਾਕਾਤ ਕਰਨ ਪਹੁੰਚਿਆ। ਇਸ ਵਫ਼ਦ ਦੀ ਅਗਵਾਈ ਦੀ ਅਗਵਾਈ ਭਾਜਪਾ ਦੇ ਨੇਤਾ ਤਜਿੰਦਰ ਸਿੰਘ ਸਰਾਂ ਨੇ ਕੀਤੀ। ਮੀਟਿੰਗ ਨੇ ਇੱਕ ਇੰਟਰਐਕਟਿਵ ਸੈਸ਼ਨ ਦਾ ਰੂਪ ਲੈ ਲਿਆ ਜੋ ਲਗਭਗ 2 ਘੰਟਿਆਂ ਤੱਕ ਚੱਲਿਆ ਅਤੇ ਹਰੇਕ ਭਾਗੀਦਾਰ ਨੇ ਪੰਜਾਬ ਵਿੱਚ ਸਿੱਖਿਆ ਦੇ ਵਿਕਾਸ ਸੰਬੰਧੀ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ।
ਪੂਰੇ ਸਮੂਹ ਦੀ ਸਰਬਸੰਮਤੀ ਨਾਲ ਰਾਏ ਸੀ ਕਿ ਹਰ ਪੰਜਾਬੀ ਇਸ ਵੇਲੇ ਰਾਜ ਵਿੱਚ ਸ਼ਾਂਤੀ ਚਾਹੁੰਦਾ ਹੈ ਤਾਂ ਜੋ ਸੂਬਾ ਹੋਰ ਵਿਕਾਸ ਕਰੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਯੋਗ ਮੌਕੇ ਪ੍ਰਾਪਤ ਹੋਣ, ਵਿਦਿਅਕ ਸੰਸਥਾਵਾਂ ਸਾਰੀਆਂ ਧਾਰਾਵਾਂ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਯੋਗ ਹੋਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਚੰਗਾ ਮਾਹੌਲ ਮਿਲੇ। ਵਫ਼ਦ ਦੇ ਮੈਂਬਰਾਂ ਨੇ 40% ਸਕਾਲਰਸ਼ਿਪਾਂ ਨੂੰ ਸੂਬਾ ਸਰਕਾਰ ਦੁਆਰਾ ਮੁਹੱਈਆ ਨਾ ਕੀਤੇ ਜਾਣ ਬਾਰੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਉਭਾਰਿਆ ਜੋ ਕਿ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਪ੍ਰਾਈਵੇਟ ਸੰਸਥਾਵਾਂ ਵਲੋਂ ਸਿੱਖਿਆ ਦੌਰਾਨ ਦਿਤੇ ਜਾਂਦੇ ਹਨ।
ਇੱਕ ਵਿਅਕਤੀ ਨੇ ਸਿੱਕਮ ਵਿੱਚ ਗੁਰਦੁਆਰਾ ਡਾਂਗ ਮਾਰ, ਗਿਆਨ ਗੋਦੜੀ ਸਾਹਿਬ ਹਰਿਦੁਆਰ ਅਤੇ ਪੁਰੀ ਵਿਖੇ ਮੰਗੂ ਮੱਠ ਦਾ ਮੁੱਦਾ ਚੁੱਕਿਆ। ਉਨ੍ਹਾਂ ਬੰਦੀਆਂ ਦਾ ਮੁੱਦਾ ਵੀ ਸਾਹਮਣੇ ਆਇਆ ਜਿਨ੍ਹਾਂ ਨੇ ਆਪਣੀ ਜੇਲ੍ਹ ਦੀ ਮਿਆਦ ਪੂਰੀ ਕਰ ਲਈ ਹੈ ਅਤੇ ਜਿਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਹੈ। ਕਰਤਾਰਪੁਰ ਸਾਹਿਬ ਲਾਂਘਾ ਜੋ ਕੋਵਿਡ ਮਹਾਂਮਾਰੀ ਕਾਰਨ ਬੰਦ ਹੈ, ਭਾਗੀਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਇਸ ਨੂੰ ਸ਼ਰਧਾਲੂਆਂ ਲਈ ਦੁਬਾਰਾ ਖੋਲ੍ਹਿਆ ਜਾਵੇ। ਸਭ ਨੇ ਪੀ.ਐਮ. ਨਰਿੰਦਰ ਮੋਦੀ ਦੁਆਰਾ ਕਾਲੀ ਸੂਚੀ ਨੂੰ ਖਤਮ ਕਰਨਾ, ਕਰਤਾਰਪੁਰ ਲਾਂਘੇ ਦੀ ਸ਼ੁਰੂਆਤ, 1984 ਦੇ ਦੰਗਿਆਂ ਦੀ ਮੁੜ ਜਾਂਚ ਲਈ ਐਸਆਈਟੀ ਨਿਯੁਕਤ ਕਰਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਵਫ਼ਦ ਨੇ ਇਹ ਵੀ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਦਾ ਮੁੱਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਜੋ ਵਿਕਾਸ ਲਈ ਮਾਹੌਲ ਸੁਖਾਵਾਂ ਹੋਵੇ। ਭਾਜਪਾ ਪ੍ਰਧਾਨ ਨੱਡਾ ਨੇ ਪੂਰੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਵਿਕਾਸ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਦੁਹਰਾਇਆ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੀ ਤਰਜੀਹ ਹੈ ਅਤੇ ਭਾਜਪਾ ਸਬਕਾ ਸਾਥ, ਸਬਕਾ ਵਿਕਾਸ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ