ਕੋਵਿਡ ਦੇ ਹਾਲਾਤ ਜਿਵੇਂ ਜਿਵੇਂ ਪੰਜਾਬ ਵਿੱਚ ਸੁਧਰ ਰਹੇ ਹਨ ਓਵੇਂ ਹੀ ਸਰਕਾਰ ਵੱਲੋਂ ਢਿੱਲ ਦੇਣੀ ਜਾਰੀ ਰੱਖੀ ਹੈ। ਸਰਕਾਰ ਵੱਲੋਂ ਪੰਜਾਬ ਵਿੱਚ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਭ ਦੇ ਬਾਵਜੂਦ ਸੂਬੇ ਵਿੱਚ ਕੋਵਿਡ ਵੈਕਸੀਨ ਦੀ ਘਾਟ ਵੱਡੇ ਪੱਧਰ ‘ਤੇ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਵਿੱਚ ਟੀਕਾਕਰਨ ਦੀ ਇਕੱਲੀ ਦੂਜੀ ਖੁਰਾਕ ਲਈ 2 ਲੱਖ ਤੋਂ ਵੱਧ ਖੁਰਾਕਾਂ ਦੀ ਮੌਜੂਦਾ ਮੰਗ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਯੋਗ ਵਸੋਂ ਦੇ ਟੀਕਾਕਰਨ ਵਾਸਤੇ ਮੰਗਲਵਾਰ ਨੂੰ ਕੇਂਦਰ ਸਰਕਾਰ ਅੱਗੇ ਤੁਰੰਤ 40 ਲੱਖ ਖੁਰਾਕਾਂ ਦੀ ਮੰਗ ਰੱਖੀ ਹੈ।
ਕੋਵਿਡ ਦੀ ਸਮੀਖਿਆ ਲਈ ਸੱਦੀ ਵਰਚੁਅਲ ਮੀਟਿੰਗ ਵਿੱਚ ਦੱਸਿਆ ਗਿਆ ਕਿ ਸੂਬੇ ਨੂੰ ਅੱਜ 2.46 ਲੱਖ ਖੁਰਾਕਾਂ ਮਿਲਣ ਦੀ ਸੰਭਾਵਨਾ ਹੈ ਪਰ ਮੁੱਖ ਮੰਤਰੀ ਨੇ ਕਿਹਾ ਕਿ ਟੀਕਿਆਂ ਦੀ ਸਪਲਾਈ ਘੱਟ ਹੈ। ਕੋਵੀਸ਼ੀਲਡ ਖਤਮ ਹੋ ਗਈ ਹੈ ਅਤੇ ਕੋਵੈਕਸੀਨ ਦੀਆਂ ਸੋਮਵਾਰ ਨੂੰ ਸਿਰਫ 3500 ਖੁਰਾਕਾਂ ਬਚੀਆਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ 90 ਲੱਖ ਤੋਂ ਵੱਧ ਯੋਗ ਵਿਅਕਤੀਆਂ (ਯੋਗ ਵਸੋਂ ਦਾ ਕਰੀਬ 37 ਫੀਸਦੀ) ਨੇ ਟੀਕਾ ਲਗਾ ਲਿਆ ਹੈ ਅਤੇ ਸਾਰਾ ਸਟਾਕ ਬਿਨਾਂ ਕੋਈ ਵਿਅਰਥ ਗੁਆਏ ਵਰਤਿਆ ਗਿਆ। ਪਹਿਲੀ ਖੁਰਾਕ 75 ਲੱਖ ਲੋਕਾਂ ਵੱਲੋਂ ਲਗਾਈ ਗਈ ਹੈ ਜਦੋਂ ਕਿ ਦੂਜੀ ਖੁਰਾਕ 15 ਲੱਖ ਲੋਕਾਂ ਨੇ ਲਗਾਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਪਲਾਈ ਦੀ ਘਾਟ ਪੂਰੀ ਕਰਨ ਲਈ ਕੇਂਦਰ ਨੂੰ ਸੂਬੇ ਵਾਸਤੇ ਟੀਕਿਆਂ ਦੀ ਤੁਰੰਤ ਡਲਿਵਰੀ ਦਾ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਜਿਨ੍ਹਾਂ ਨੂੰ ਦੂਜੀ ਖੁਰਾਕ ਦੀ ਲੋੜ ਹੈ, ਉਨ੍ਹਾਂ ਦੇ ਟੀਕੇ ਲਗਾਏ ਜਾਣ ਜਦੋਂ ਕਿ ਹੋਰ ਯੋਗ ਵਿਅਕਤੀਆਂ ਲਈ ਵੀ ਟੀਕਾਕਰਨ ਜਾਰੀ ਰੱਖਿਆ ਜਾ ਸਕੇ। ਸਿਹਤ ਸਕੱਤਰ ਹੁਸਨ ਲਾਲ ਨੇ ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕੀਤੀ ਖੁਰਾਕਾਂ ਦੀ ਸਪਲਾਈ ਖਰਾਬ ਹੋ ਰਹੀ ਹੈ ਕਿਉਂ ਜੋ ਲੋਕ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਟੀਕਾਕਰਨ ਨੂੰ ਪਹਿਲ ਦੇ ਰਹੇ ਹਨ। ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਸੂਬੇ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਸਟਾਕ ਤਬਦੀਲ ਕਰਨ ਦੀ ਮੰਗ ਕੀਤੀ ਸੀ ਪਰ ਹਾਲੇ ਤੱਕ ਕੇਂਦਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ