ਪੰਜਾਬ ਸਰਕਾਰ ਨੇ ਆਪਣੀ ਕੈਬਿਨਟ ਮੀਟਿੰਗ ਵਿੱਚ ਹੋਰ ਵੱਡੇ ਫੈਸਲੇ ਲੈਂਦਿਆਂ ਜਿਸ ਵਿੱਚ ਬਿਜਲੀ ਦੀਆਂ ਘਟਾਈਆਂ ਹੋਈਆਂ ਦਰਾਂ ਅਤੇ ਹਸਪਤਾਲਾਂ ਵਿੱਚ ਨਵੀਂ ਭਰਤੀਆਂ ਲਈ ਰਾਹ ਖੋਲ੍ਹਣ ਨੂੰ ਲੈ ਕੇ ਮਤਿਆਂ ਨੂੰ ਪ੍ਰਵਾਨਗੀ ਦੇ ਕੇ ਪੰਜਾਬ ਵਿੱਚ ਡੈਮੇਜ਼ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਚੋਣਾਂ ਦੀ ਮਿਤੀ ਦਾ ਐਲਾਨ ਅਤੇ ਚੋਣ ਜਾਬਤੇ ਦਾ ਐਲਾਨ ਹੋਣ ਵਾਲਾ ਹੈ ਜਿਸ ਕਾਰਨ ਸਰਕਾਰ ਵੱਲੋਂ ਇੱਕ ਤੋਂ ਬਾਅਦ ਇੱਕ ਕਰਕੇ ਕਈ ਵੱਡੇ ਫੈਸਲੇ ਲਏ ਜਾ ਰਹੇ ਹਨ ਪਰ ਉਹ ਪੂਰੇ ਕਦੋਂ ਹੋਣਗੇ ਹਨ ਬਾਰੇ ਤਾਂ ਜਾਂ ਸਰਕਾਰ ਜਾਂਦੀ ਹੈ ਜਾਂ ਫ਼ਿਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਂਦੇ ਹਨ।
ਘਰੇਲੂ ਬਿਜਲੀ ਖਪਤਕਾਰਾਂ ਨੂੰ 1 ਨਵੰਬਰ, 2021 ਤੋਂ ਘਟਾਈਆਂ ਗਈਆਂ ਬਿਜਲੀ ਦਰਾਂ ਦਾ ਲਾਭ ਮਿਲੇਗਾ
ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ, ਮੰਤਰੀ ਮੰਡਲ ਨੇ 1 ਦਸੰਬਰ, 2021 ਦੀ ਬਜਾਏ ਹੁਣ 1 ਨਵੰਬਰ , 2021 ਤੋਂ 7 ਕਿਲੋਵਾਟ ਤੱਕ ਦੇ ਪ੍ਰਵਾਨਿਤ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕਰਕੇ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ `ਤੇ 151 ਕਰੋੜ ਰੁਪਏ ਦਾ ਸਾਲਾਨਾ ਵਿੱਤੀ ਬੋਝ ਪਵੇਗਾ, ਇਸ ਤਰ੍ਹਾਂ ਘਟਾਈਆਂ ਗਈਆਂ ਦਰਾਂ ਨਾਲ 71.75 ਲੱਖ ਘਰੇਲੂ ਖਪਤਕਾਰਾਂ ਵਿੱਚੋਂ ਲਗਭਗ 69 ਲੱਖ ਨੂੰ ਲਾਭ ਹੋਵੇਗਾ।
ਸਬ ਡਵੀਜ਼ਨਲ ਹਸਪਤਾਲਾਂ ਲਈ ਵੱਖ-ਵੱਖ ਕਾਡਰਾਂ ਦੀਆਂ 76 ਨਵੀਆਂ ਅਸਾਮੀਆਂ ਸਿਰਜਣ ਨੂੰ ਪ੍ਰਵਾਨਗੀ
ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਲੁਧਿਆਣਾ ਦੇ ਪਿੰਡ ਝੋਰੜਾਂ ਵਿਖੇ ਮਹਾਨ ਸ਼ਹੀਦ ਹੌਲਦਾਰ ਈਸ਼ਰ ਸਿੰਘ (ਸਾਰਾਗੜ੍ਹੀ ਪੋਸਟ ਕਮਾਂਡਰ) ਦੇ ਨਾਂ `ਤੇ ਬਣਾਏ ਗਏ 25 ਬਿਸਤਰਿਆਂ ਵਾਲੇ ਹਸਪਤਾਲ ਤੋਂ ਇਲਾਵਾ ਰੂਪਨਗਰ ਜ਼ਿਲ੍ਹੇ ਵਿੱਚ ਸਬ-ਡਵੀਜ਼ਨਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਬੰਗਾ ਨੂੰ ਅਪਗ੍ਰੇਡ ਕਰਕੇ ਬਣਾਏ ਗਏ ਸਬ-ਡਵੀਜ਼ਨਲ ਹਸਪਤਾਲ ਵਾਸਤੇ ਵੱਖ ਵੱਖ ਕਾਡਰਾਂ ਦੀਆਂ 76 ਅਸਾਮੀਆਂ ਸਿਰਜਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
https://www.facebook.com/thekhabarsaar/