ਹਰ ਇੱਕ ਪੰਜਾਬੀ ਇੱਕ ਲੱਖ ਰੁਪਏ ਦਾ ਕਰਜ਼ਦਾਰ : ਰਾਘਵ ਚੱਢਾ

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਅਤੇ ਮੌਜੂਦਾ ਕਾਂਗਰਸ ਸਰਕਾਰ ’ਤੇ ਪੰਜਾਬ ਨੂੰ ਕਰਜ਼ੇ ਵਿੱਚ ਡੋਬਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਾਂਗਰਸ ਅਤੇ ਬਾਦਲ ਸਰਕਾਰਾਂ ਨੇ ਪਿਛਲੇ 50 ਸਾਲਾਂ ਵਿੱਚ ਪੰਜਾਬ ਨੂੰ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਨਾਲ ਡੋਬ ਦਿੱਤਾ ਹੈ। ਅੱਜ 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਹਰ ਵਿਅਕਤੀ ਦੇ ਸਿਰ ’ਤੇ 1 ਲੱਖ ਰੁਪਏ ਕਰਜ਼ੇ ਦਾ ਬੋਝ ਹੈ। ਪੰਜਾਬ ਵਿੱਚ ਜਨਮ ਲੈਂਦੇ ਹੀ ਬੱਚੇ ਸਿਰ ਇੱਕ ਲੱਖ ਰੁਪਏ ਦਾ ਕਰਜ਼ਾ ਚੜ੍ਹ ਜਾਂਦਾ ਹੈ। ਰਾਘਵ ਚੱਡਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸਲਾਨਾ ਬਜਟ ਦਾ 20 ਫੀਸਦ ਸਿਰਫ ਕਰਜ਼ੇ ਦੇ ਵਿਆਜ ਉਤਾਰਨ ’ਤੇ ਹੀ ਖਰਚ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ’ਤੇ ਇੰਨਾ ਕਰਜ਼ਾ ਨਾ ਹੁੰਦਾ ਤਾਂ ਇਹ ਪੈਸਾ ਉੱਚ ਮਿਆਰੀ ਹਸਪਤਾਲਾਂ, ਸਕੂਲ, ਸੜਕਾਂ, ਓਵਰ ਬ੍ਰਿਜ ਅਤੇ ਹੋਰ ਵਿਕਾਸ ਕਾਰਜਾਂ ਸਮੇਤ ਲੋਕਾਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਵਿੱਚ ਵਰਤਿਆ ਜਾਂਦਾ। ਪਰ ਇਥੇ ਲੋਕਾਂ ਦੇ ਟੈਕਸ ਦਾ ਪੈਸਾ ਕਰੋੜਾਂ ਰੁਪਏ ਦਾ ਕਰਜ਼ਾ ਮੋੜਨ ਵਿੱਚ ਖਰਚ ਕੀਤਾ ਜਾ ਰਿਹਾ ਹੈ। ਅਕਾਲੀ ਅਤੇ ਕਾਂਗਰਸੀ ਆਗੂਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਇੱਕ ਪਾਸੇ ਜਿਥੇ ਪੰਜਾਬ ਦਾ ਖਜ਼ਾਨਾ ਸਾਲ ਦਰ ਸਾਲ ਖਾਲੀ ਹੋ ਰਿਹਾ ਹੈ, ਉਥੇ ਦੂਜੇ ਪਾਸੇ ਇਨ੍ਹਾਂ ਭ੍ਰਿਸ਼ਟ ਨੇਤਾਵਾਂ ਦੀ ਜਾਇਦਾਦ ਹਰ ਸਾਲ ਵਧਦੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਪਹਿਲਾਂ ਸਕੂਟਰਾਂ ’ਤੇ ਘੁੰਮਦੇ ਸਨ ਅੱਜ ਉਹ ਕਰੂਜ਼ਰ ਅਤੇ ਮਰਸਡੀਜ਼ ਕਾਰਾਂ ਵਿੱਚ ਘੁੰਮ ਰਹੇ ਹਨ। ਲੋਕਾਂ ਦੇ ਪੈਸਿਆਂ ਨਾਲ ਅਜਿਹੇ ਲੀਡਰਾਂ ਨੇ ਆਪਣੀਆਂ ਕੋਠੀਆਂ, ਜ਼ਮੀਨਾਂ ਅਤੇ ਵੱਡੇ ਵੱਡੇ ਫਾਰਮ ਹਾਊਸ ਬਣਾ ਲਏ ਹਨ। ਦੋ-ਦੋ ਕਰੋੜ ਰੁਪਏ ਦੀਆਂ ਕਾਰਾਂ ਉੱਤੇ ਚੜ੍ਹਨ ਵਾਲੇ ਇਹ ਭ੍ਰਿਸ਼ਟ ਆਗੂ ਅੱਜ ਕਹਿ ਰਹੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦਾ ਖਜ਼ਾਨਾ ਇਹਨਾਂ ਨੇਤਾਵਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਕਾਰਨ ਹੀ ਖਾਲੀ ਹੋਇਆ ਹੈ। ਪੰਜਾਬ ਦੇ ਸੁਨਹਿਰੀ ਇਤਿਹਾਸ ਦਾ ਜ਼ਿਕਰ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕਿਸੇ ਸਮੇਂ ਪੰਜਾਬ ਭਾਰਤ ਦੀ ‘ਅੰਨ ਦੀ ਟੋਕਰੀ’ ਵਾਲਾ ਸੂਬਾ ਹੁੰਦਾ ਸੀ।

ਦੇਸ਼ ਦਾ ਸਭ ਤੋਂ ਵੱਡਾ ਖੇਡ ਉਦਯੋਗ ਪੰਜਾਬ ’ਚ ਹੁੰਦਾ ਸੀ, ਪਰ ਪਿਛਲੀ ਅਕਾਲੀ-ਭਾਜਪਾ ਸਮੇਤ ਮੌਜੂਦਾ ਕਾਂਗਰਸ ਸਰਕਾਰ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿੱਚ ਨਿਵੇਸ਼ ਕਰ ਰਹੇ ਹਨ। ਪੰਜਾਬ ਤੋਂ ਉਦਯੋਗਾਂ ਦਾ ਲਗਾਤਾਰ ਪਰਵਾਸ ਹੋ ਰਿਹਾ ਹੈ। ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਲਈ ਬਦਲਾਅ ਲਿਆਉਣ ਅਤੇ ਇੱਕ ਸਵੱਛ ਸ਼ਾਸਨ ਅਤੇ ਦੂਰ-ਦ੍ਰਿਸ਼ਟੀ ਵਾਲੀ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਓ ਰਲ ਕੇ ਇਸ ਵਾਰ ਕੇਜਰੀਵਾਲ ਦੀ ਸਰਕਾਰ ਬਣਾਈਏ ਅਤੇ ਇੱਕ ਖੁਸ਼ਹਾਲ ਪੰਜਾਬ ਬਣਾਈਏ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

101 ਉਮੀਦਾਵਰਾਂ ਦਾ ਐਲਾਨ ਪਰ ਸੂਚੀਆਂ ਵਿੱਚ ਲਾਪਤਾ ਹਨ ਭਗਵੰਤ ਮਾਨ !

ਸਾਇਕਲ ਦਾ ਵੀ ਸਟੈਂਡ ਹੁੰਦਾ, ਪਰ ਸਿੱਧੂ ਦਾ ਕੋਈ ‘ਸਟੈਂਡ’ ਨਹੀਂ : ਰਾਘਵ ਚੱਢਾ