26 ਜਨਵਰੀ ਨੂੰ ਦਿੱਲੀ ‘ਚ ਟ੍ਰੈਕਟਰ ਮਾਰਚ ਤੋਂ ਪਹਿਲਾਂ ਬਲਬੀਰ ਰਾਜੇਵਾਲ ਦੀ ਕਿਸਾਨਾਂ ਨੂੰ ਖੁੱਲ੍ਹੀ ਚਿੱਠੀ

ਨਵੀਂ ਦਿੱਲੀ, 14 ਜਨਵਰੀ 2021 –

ਸਤਿਕਾਰਯੋਗ ਕਿਸਾਨ ਭਰਾਵੋ,

ਇਸ ਵੇਲੇ ਅਸੀਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਾਂ। ਜਿਸ ਸਿਰੜ ਅਤੇ ਅਨੁਸ਼ਾਸਨ ਨਾਲ ਤੁਸੀਂ ਸ਼ਾਂਤਮਈ ਰਹਿ ਕੇ ਇਹ ਅੰਦੋਲਨ ਹੁਣ ਤਕ ਚਲਾਇਆ ਹੈ, ਉਸ ਦੀ ਦੁਨੀਆਂ ਵਿਚ ਕੋਈ ਮਿਸਾਲ ਨਹੀਂ ਮਿਲਦੀ। ਇਹ ਇਤਿਹਾਸ ਵਿਚ ਦੁਨੀਆਂ ਵਿਚ ਸਭ ਤੋਂ ਲੰਮਾ ਸਮਾਂ, ਸਭ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਵਾਲਾ, ਪੂਰਨ ਸ਼ਾਂਤਮਈ ਅੰਦੋਲਨ ਹੋ ਨਿਬੜਿਆ ਹੈ। ਪੂਰੇ ਸੰਸਾਰ ਦੀਆਂ ਅੱਖਾਂ ਇਸ ਨੂੰ ਤੀਬਰਤਾ ਨਾਲ ਦੇਖ ਰਹੀਆਂ ਹਨ। ਦੁਨੀਆਂ ਭਰ ਵਿਚ ਬੈਠੇ ਪੰਜਾਬੀ ਅਤੇ ਆਮ ਭਾਰਤੀ ਲੋਕ ਆਪੋ ਆਪਣਾ ਯੋਗਦਾਨ ਪਾਉਣ ਹਿੱਤ ਥਾਂ ਥਾਂ ਧਰਨੇ, ਜਲੂਸ ਕੱਢ ਕੇ ਇਸ ਵਿਚ ਆਪਣੀ ਹਾਜ਼ਰੀ ਲਾ ਰਹੇ ਹਨ। ਇਹ ਕੇਵਲ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ। ਦੇਸ਼ ਦੇ ਹਰ ਵਰਗ ਨੇ ਇਨ੍ਹਾਂ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਨੂੰ ਸਮਝ ਕੇ ਇਸ ਵਿਚ ਆਪਣੀ ਸ਼ਮੂਲੀਅਤ ਦਰਜ ਕਰਵਾਈ ਹੈ। ਅੱਜ ਇਹ ਦੇਸ਼ ਭਰ ਵਿਚ ਜਨ ਅੰਦੋਲਨ ਬਣ ਗਿਆ ਹੈ। ਇਹ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ, ਯੂਪੀ, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਦੇਸ਼ ਦੇ ਬਾਕੀ ਸਾਰੇ ਸੂਬਿਆਂ ਵਿਚ ਫੈਲ ਚੁੱਕਾ ਹੈ।

ਭਰਾਵੋ, ਮੈਂ ਹਮੇਸ਼ਾਂ ਤੁਹਾਨੂੰ ਸਭ ਨੂੰ ਵਾਰ ਵਾਰ ਇਕ ਅਪੀਲ ਕਰਦਾ ਰਿਹਾ ਹਾਂ। ਉਹ ਇਹ ਹੈ ਕਿ ਅੰਦੋਲਨ ਕੇਵਲ ਉਹ ਹੀ ਸਫ਼ਲ ਹੁੰਦਾ ਹੈ ਜੋ ਪੂਰੀ ਤਰ੍ਹਾਂ ਸ਼ਾਂਤਮਈ ਰਹੇ। ਜਦੋਂ ਵੀ ਅੰਦੋਲਨ ਵਿਚ ਹਿੰਸਾ ਆਈ, ਉਸ ਦਾ ਪਤਨ ਸ਼ੁਰੂ ਹੋ ਜਾਂਦਾ ਹੈ। ਤੁਸੀਂ ਇਸ ਨੂੰ ਹੁਣ ਤਕ ਸ਼ਾਂਤਮਈ ਰੱਖਿਆ, ਉਸ ਲਈ ਮੈਂ ਤੁਹਾਡਾ ਸਭ ਦਾ ਧੰਨਵਾਦੀ ਹਾਂ। ਅੰਦੋਲਨ ਹਮੇਸ਼ਾ ਪੜਾਅਵਾਰ ਅੱਗੇ ਵਸਦੇ ਹਨ। ਤੁਸੀਂ ਸੈਮੀਨਾਰਾਂ, ਧਰਨਿਆਂ ਤੋਂ ਲੈ ਕੇ, ਰੇਲ ਪੱਟੜੀਆਂ ਦੇ ਅੰਦੋਲਨ ਰਾਹੀਂ, ਭਾਰਤ ਬੰਦ ਵਰਗੇ ਸਫ਼ਲ ਕਦਮਾਂ ਨਾਲ ਦਿੱਲੀ ਦੁਆਲੇ ਵੱਖ ਵੱਖ ਨਾਕਿਆਂ ਉੱਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਬੈਠੇ ਹੋ। ਕੜਾਕੇ ਦੀ ਠੰਢ ਅਤੇ ਮੀਂਹ ਦੇ ਬਾਵਜੂਦ ਤੁਸੀਂ ਆਪਣੀਆਂ ਟਰਾਲੀਆਂ ਵਿਚ ਘਰ ਪਾ ਕੇ ਸ਼ਾਂਤਮਈ ਬੈਠੇ ਹੋ। ਅੰਦੋਲਨ ਆਪਣੀ ਚਾਲ ਸ਼ਾਂਤਮਈ ਢੰਗ ਨਾਲ ਹਰ ਪੜਾਅ ਨੂੰ ਸਫ਼ਲਤਾ ਨਾਲ ਪਾਰ ਕਰ ਰਿਹਾ ਹੈ। ਅੰਦੋਲਨ ਵਿਚ ਹਰ ਸਮੇਂ ਰਣਨੀਤੀ ਅਨੁਸਾਰ ਨਵੇਂ ਪੜਾਅ ਤੈਅ ਕਰਨੇ ਹੁੰਦੇ ਹਨ। ਇਸੇ ਲਈ ਅਸੀਂ ਲੋਹੜੀ ਉੱਤੇ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ, ਅਸੀਂ ਇਸ ਵਾਰ 18 ਜਨਵਰੀ ਨੂੰ ਮਹਿਲਾ ਦਿਵਸ ਨੂੰ ‘ਕਿਸਾਨ ਮਹਿਲਾ ਦਿਵਸ’ ਵਜੋਂ ਮਨਾ ਰਹੇ ਹਾਂ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਭਾਵ 20 ਜਨਵਰੀ ਨੂੰ ਅਸੀਂ ਸੰਕਲਪ ਦਿਵਸ ਵਜੋਂ ਮਨਾਵਾਂਗੇ ਅਤੇ ਖ਼ਾਸ ਤੌਰ ’ਤੇ ਸਤਿਗੁਰਾਂ ਦੇ ਸ਼ਬਦ ‘ਦੇਹਿ ਸਿਵਾ ਬਰ ਮੋਹਿ ਇਹੈ’ ਦਾ ਗਾਇਨ ਕਰ ਕੇ ਅੰਦੋਲਨ ਵਿਚ ਸ਼ਾਂਤਮਈ ਰਹਿਣ ਦਾ ਸੰਕਲਪ ਲਵਾਂਗੇ। ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਹਾੜੇ 23 ਜਨਵਰੀ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਵਜੋਂ ਮਨਾਵਾਂਗੇ। ਹਰ ਸਾਲ ਵਾਂਗ 26 ਜਨਵਰੀ ਸਾਡਾ ਗਣਤੰਤਰ ਦਿਵਸ ਹੈ। ਅਸੀਂ ਉਸ ਦਿਨ ਵੱਡੀ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ ਦੇ ਨਾਕਿਆਂ ਤੋਂ ਕਿਸਾਨ ਪਰੇਡ ਕਰਾਂਗੇ। ਉਸ ਤੋਂ ਬਾਅਦ ਦੇ ਪੜਾਅ ਉਦੋਂ ਤਕ ਜਾਰੀ ਰੱਖੇ ਜਾਣਗੇ, ਜਦੋਂ ਤਕ ਅੰਦੋਲਨ ਸਫ਼ਲ ਨਹੀਂ ਹੋ ਜਾਂਦਾ।

ਮੈਂ ਖ਼ਾਸ ਤੌਰ ’ਤੇ ਤੁਹਾਨੂੰ ਇਸ ਲਈ ਸੰਬੋਧਿਤ ਹੋ ਰਿਹਾ ਹਾਂ ਤਾਂ ਜੋ 26 ਜਨਵਰੀ ਦੇ ਅੰਦੋਲਨ ਸਬੰਧੀ ਫੈਲਾਈਆਂ ਜਾ ਰਹੀਆਂ ਗ਼ਲਤਫਹਿਮੀਆਂ ਦੂਰ ਹੋ ਸਕਣ। ਅਸੀਂ ਕਿਸਾਨ ਪਰੇਡ ਕਿਵੇਂ ਕਰਨੀ ਹੈ, ਇਹ ਅਗਲੇ ਹਫ਼ਤੇ ਐਲਾਨ ਕਰਾਂਗੇ। ਪਰ ਜਿਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਚੌਕਸ ਹੀ ਨਹੀਂ, ਬਹੁਤ ਗੰਭੀਰ ਹੋਣ ਦੀ ਲੋੜ ਹੈ। ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਵੇਂ ਕਿਸਾਨਾਂ ਵੱਲੋਂ ਬਗ਼ਾਵਤ ਕਰਨ ਦਾ ਪ੍ਰੋਗਰਾਮ ਹੋਵੇ ਅਤੇ ਇਹ ਅੰਦੋਲਨ ਦਾ ਆਖ਼ਰੀ ਪੜਾਅ ਹੋਵੇ। ਕੁਝ ਲੋਕ ਕਹਿ ਰਹੇ ਹਨ ਕਿ ਉਸ ਦਿਨ ਲਾਲ ਕਿਲੇ ਉੱਤੇ ਝੰਡਾ ਲਹਿਰਾਉਣਾ ਹੈ। ਕੋਈ ਕਹਿ ਰਿਹਾ ਹੈ ਕਿ ਪਾਰਲੀਮੈਂਟ ਉੱਤੇ ਕਬਜ਼ਾ ਕਰਨਾ ਹੈ। ਕਈ ਤਰ੍ਹਾਂ ਦਾ ਬੇਬੁਨਿਆਦ ਭੜਕਾਊ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਕੂੜ ਪ੍ਰਚਾਰ ਨੇ ਕੇਵਲ ਮੈਨੂੰ ਨਹੀਂ, ਸਾਰੀਆਂ ਅੰਦੋਲਨ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਗੰਭੀਰ ਚਿੰਤਾ ਵਿਚ ਹੀ ਨਹੀਂ ਪਾਇਆ, ਸਭ ਦੀ ਨੀਂਦ ਹਰਾਮ ਕਰ ਦਿੱਤੀ ਹੈ। ਕੁਝ ਕਿਸਾਨ ਵਿਰੋਧੀ ਤਾਕਤਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਦੇ ਸ਼ਾਂਤਮਈ ਅੰਦੋਲਨ ਨੂੰ ਫੇਲ੍ਹ ਕਰਨ ਲਈ ਇਸ ਕੂੜ ਪ੍ਰਚਾਰ ਉੱਤੇ ਪੂਰੀ ਵਾਹ ਲਾਈ ਹੋਈ ਹੈ। ਸਰਕਾਰੀ ਏਜੰਸੀਆਂ ਵੀ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਪੱਬਾਂ ਭਾਰ ਹਨ। ਧਰਨੇ ਵਾਲੀਆਂ ਥਾਵਾਂ ਉੱਤੋਂ ਸਾਡੇ ਵਾਲੰਟੀਅਰ ਹਰ ਰੋਜ਼ ਅਜਿਹੇ ਕਿਸਾਨ ਦੋਖੀਆਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਰਹੇ ਹਨ। ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਕੁਝ ਨੌਜਵਾਨ ਟਰੈਕਟਰਾਂ ਉੱਤੇ ਪੁਲੀਸ ਨਾਕੇ ਤੋੜਨ ਲਈ ਜੁਗਾੜ ਫਿੱਟ ਕਰਵਾ ਰਹੇ ਹਨ। ਇਹ ਕੇਵਲ ਨਿੰਦਣਯੋਗ ਨਹੀਂ, ਮੰਦਭਾਗਾ ਵੀ ਹੈ।

ਭਰਾਵੋ, ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਵੇਲੇ ਦੁਨੀਆਂ ਇਸ ਅੰਦੋਲਨ ਦੀ ਸਫ਼ਲਤਾ ਲਈ ਅਰਦਾਸਾਂ ਕਰ ਰਹੀ ਹੈ। ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਉੱਥੋਂ ਦੇ ਆਗੂਆਂ ਨੇ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ। ਇਸ ਸਬੰਧੀ ਮੋਦੀ ਸਰਕਾਰ ਨੂੰ ਲਿਖਿਆ ਵੀ ਹੈ। ਹਰ ਦੇਸ਼ ਅਤੇ ਭਾਰਤ ਦੇ ਹਰ ਰਾਜ ਵਿਚ ਇਸ ਅੰਦੋਲਨ ਦੇ ਹੱਕ ਵਿਚ ਹਰ ਰੋਜ਼ ਸ਼ਾਂਤਮਈ ਧਰਨੇ, ਮੁਜ਼ਾਹਰੇ ਕੀਤੇ ਜਾ ਰਹੇ ਹਨ। ਸਾਰੀ ਦੁਨੀਆਂ ਇਸ ਦੀ ਸਫ਼ਲਤਾ ਲੋਚਦੀ ਹੈ। ਮੈਂ ਪੁੱਛਦਾ ਹਾਂ ਕਿ ਜਿਸ ਅੰਦੋਲਨ ਦੀ ਸਫ਼ਲਤਾ ਲਈ ਸ੍ਰੀ ਦਰਬਾਰ ਸਾਹਿਬ ਤੋਂ ਅਰਦਾਸ ਹੋਈ ਹੋਵੇ। ਹਰ ਪਿੰਡ ਦੇ ਗੁਰੂ ਘਰ ਤੋਂ ਅਰਦਾਸਾਂ ਹੋਣ, ਹਿੰਦੂ ਭਰਾ ਹਵਨ ਕਰਵਾਉਂਦੇ ਹੋਣ, ਮੁਸਲਮਾਨ ਤੁਹਾਡੇ ਨਾਲ ਹੋਣ, ਕੀ ਕੋਈ ਕਿਸਾਨ ਇਸ ਨੂੰ ਹਿੰਸਕ ਭੀੜ ਬਣਾ ਕੇ ਅੰਦੋਲਨ ਨੂੰ ਫੇਲ੍ਹ ਕਰਨ ਬਾਰੇ ਸੋਚ ਸਕਦਾ ਹੈ? ਕਦੀ ਨਹੀਂ। ਮੈਨੂੰ ਅਤੇ ਮੇਰੇ ਸਾਥੀਆਂ ਨੂੰ ਇਹ ਉੱਕਾ ਹੀ ਯਕੀਨ ਨਹੀਂ ਹੋ ਰਿਹਾ।

ਫਿਰ ਵੀ ਸਰਕਾਰੀ ਏਜੰਸੀਆਂ ਅਤੇ ਕਿਸਾਨ ਦੋਖੀ ਤਾਕਤਾਂ ਸਰਗਰਮ ਹਨ। ਮੈਂ ਸਮਝਦਾ ਹਾਂ ਕਿ ਅਜਿਹੀ ਮਾੜੀ ਸੋਚ ਕਿਸਾਨ ਦੀ ਤਾਂ ਹੋ ਹੀ ਨਹੀਂ ਸਕਦੀ। ਫਿਰ ਵੀ ਸਰਕਾਰ ਸਾਡੇ ਅੰਦੋਲਨ ਵਿਚ ਖਾਲਿਸਤਾਨੀਆਂ ਅਤੇ ਅਤਿਵਾਦੀਆਂ ਦੇ ਹੋਣ ਦੇ ਇਲਜ਼ਾਮ ਲਾ ਰਹੀ ਹੈ। ਅਜਿਹੇ ਸਮੇਂ ਹਰ ਕਿਸਾਨ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਭਰਾਵੋ, ਇਹ ਅੰਦੋਲਨ ਤੁਹਾਡਾ ਆਪਣਾ ਹੈ, ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਕੀ ਤੁਸੀਂ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਦਾਅ ਉੱਤੇ ਲਾ ਸਕਦੇ ਹੋ। ਕੀ ਹਿੰਸਕ ਸੋਚ ਨਾਲ ਇਸ ਨੂੰ ਫੇਲ੍ਹ ਕਰਨ ਦਾ ਘਿਨਾਉਣਾ ਪਾਪ ਕਰ ਸਕਦੇ ਹੋ? ਜੇ ਨਹੀਂ ਤਾਂ ਆਓ ਆਪਾਂ ਸਾਰੇ ਮਿਲ ਕੇ ਇਸ ਨੂੰ ਸ਼ਾਂਤਮਈ ਰੱਖਣ ਲਈ ਪੂਰੀ ਵਾਹ ਲਾਈਏ।

ਮੇਰੀ ਹਰ ਕਿਸਾਨ ਨੂੰ ਸਨਿਮਰ ਬੇਨਤੀ ਹੈ ਕਿ ਸਮਾਂ ਮੰਗ ਕਰਦਾ ਹੈ ਕਿ 26 ਜਨਵਰੀ ਨੂੰ ਵੱਧ ਤੋਂ ਵੱਧ ਕਿਸਾਨ, ਕਿਸਾਨ ਬੀਬੀਆਂ ਦਿੱਲੀ ਜ਼ਰੂਰ ਪੁੱਜਣ। ਹਰ ਕਿਸਾਨ ਇਕ ਵਾਲੰਟੀਅਰ ਬਣ ਕੇ ਕਿਸਾਨ ਦੋਖੀਆਂ ਉੱਤੇ ਨਿਗਾਹ ਰੱਖੇ। ਜਿਸ ਅੰਦੋਲਨ ਦੀ ਸਫ਼ਲਤਾ ਲਈ ਸਾਰੀ ਦੁਨੀਆਂ ਦਾ ਦਿਲ ਧੜਕਦਾ ਹੈ, ਉਸ ਨੂੰ ਹਰ ਹਾਲ ਸ਼ਾਂਤਮਈ ਰੱਖਣ ਦਾ ਦ੍ਰਿੜ੍ਹ ਇਰਾਦਾ ਰੱਖੋ। ਕਿਸਾਨ ਦੋਖੀ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਨ ਵਿਚ ਮਦਦ ਕਰੋ। ਅੰਦੋਲਨ ਨੂੰ ਸ਼ਾਂਤਮਈ ਰੱਖੋਗੇ ਤਾਂ ਹਰ ਹਾਲਤ ਵਿਚ ਸਫ਼ਲ ਹੋਵੋਗੇ। ਭੜਕਾਊ ਨਾਅਰੇ ਅਤੇ ਗਰਮ ਜੋਸ਼ੀਲੀਆਂ ਗੱਲਾਂ ਅੰਦੋਲਨ ਨੂੰ ਲੀਹ ਤੋਂ ਲਾਹ ਦੇਣਗੀਆਂ। ਆਓ, ਸਾਰੇ ਮਿਲ ਕੇ, ਜਿਨ੍ਹਾਂ ਨੇ ਹੁਣ ਤਕ ਇਸ ਨੂੰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾਈ ਹੈ, ਇਸ ਦੀ ਸਫ਼ਲਤਾ ਲਈ ਸਾਰੀ ਤਾਕਤ ਝੋਕ ਦੇਈਏ। ਸ਼ਾਂਤਮਈ ਰਹਿਣਾ ਹੀ ਇਸ ਦੀ ਸਫ਼ਲਤਾ ਦੀ ਕੂੰਜੀ ਹੈ ਅਤੇ ਹਿੰਸਾ ਅੰਦੋਲਨ ਲਈ ਫਾਂਸੀ ਸਮਾਨ। ਤੁਹਾਥੋਂ ਬਹੁਤ ਆਸਾਂ ਹਨ ਅਤੇ ਭਰੋਸਾ ਵੀ ਬਹੁਤ ਹੈ। ਆਓ ਰਲ ਕੇ ਸਫ਼ਲਤਾ ਵੱਲ ਵਧੀਏ।

ਧੰਨਵਾਦ ਸਹਿਤ,ਤੁਹਾਡਾ ਆਪਣਾ,ਬਲਬੀਰ ਸਿੰਘ ਰਾਜੇਵਾਲ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

4 ਨਵੇਂ IAS ਅਫਸਰਾਂ ਨੂੰ ਪੰਜਾਬ ‘ਚ ਮਿਲੀ ਨਵੀਂ ਪੋਸਟਿੰਗ, 3 ਹੋਏ ਬਾਹਰੀ ਸੂਬਿਆਂ ‘ਚ ਤੈਨਾਤ

ਲੋਕਾਂ ਨੇ 70 ਫੁੱਟ ਡੂੰਘੀ ਖੱਡ ‘ਚੋਂ ਖਿੱਚਿਆ ਮਾਲ ਨਾਲ ਭਰਿਆ ਟਰੱਕ, ਵੀਡੀੳ ਵਾਇਰਲ