- ਕਰਨਾਟਕ ਦੇ ਰੇਜਿਡੇਂਟ ਕਮਿਸ਼ਨਰ ਦੇ ਨਾਂਮ ਦਿੱਤਾ ਮੰਗ ਪੱਤਰ
- 31 ਸਾਲ ਤੋਂ ਜੇਲ੍ਹ ਵਿੱਚ ਬੰਦ ਭਾਈ ਖਹਿਰਾ ਦੀ ਰਿਹਾਈ ਨੂੰ ਕੇਂਦਰ ਤੇ ਦਿੱਲੀ ਸਰਕਾਰ ਪਹਿਲਾਂ ਹੀ ਦੇ ਚੁੱਕੀ ਹੈ ਮਨਜ਼ੂਰੀ
ਨਵੀਂ ਦਿੱਲੀ, 5 ਫਰਵਰੀ 2022 ਦਿੱਲੀ ਤੇ ਕਰਨਾਟਕ ਦੇ ਵੱਖ-ਵੱਖ ਕੇਸਾਂ ਵਿੱਚ ਟਾਡਾ ਅਧੀਨ ਉਮਰ ਕੈਦ ਦੀ ਸਜ਼ਾ ਪ੍ਰਾਪਤ ਭਾਈ ਗੁਰਦੀਪ ਸਿੰਘ ਖਹਿਰਾ ਦੀ ਪੱਕੀ ਰਿਹਾਈ ਨੂੰ ਲੈਕੇ ਅੱਜ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਨੇ ਕਰਨਾਟਕ ਭਵਨ, ਦਿੱਲੀ ਵਿਖੇ ਮੰਗ ਪੱਤਰ ਦਿੱਤਾ। ਕਰਨਾਟਕ ਦੇ ਰੇਜਿਡੇਂਟ ਕਮਿਸ਼ਨਰ ਸ੍ਰੀ ਨਿਲਾਯਾ ਮਿਤਾਸ਼ ਦੇ ਦਫਤਰ ਵਿਖੇ ਸੰਬਧਿਤ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਰਿਹਾਈ ਮੋਰਚੇ ਦੇ ਅੰਤ੍ਰਿੰਗ ਕਮੇਟੀ ਮੈਂਬਰ ਡਾਕਟਰ ਪਰਮਿੰਦਰ ਪਾਲ ਸਿੰਘ, ਚਮਨ ਸਿੰਘ, ਦਲਜੀਤ ਸਿੰਘ ਤੇ ਜੋਰਾਵਰ ਸਿੰਘ ਆਦਿਕ ਨੇ ਦਸਿਆ ਕਿ ਭਾਈ ਗੁਰਦੀਪ ਸਿੰਘ ਖਹਿਰਾ 6 ਦਸੰਬਰ 1990 ਤੋਂ ਲਗਾਤਾਰ ਜੇਲ੍ਹ ਵਿੱਚ ਬੰਦ ਹਨ।
31 ਸਾਲ ਤੋਂ ਵੱਧ ਸਮੇਂ ਦੀ ਜੇਲ੍ਹ ਕੱਟਣ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ ਕਰਨਾਟਕ ਸਰਕਾਰ ਦੀ ‘ਉਮਰ ਕੈਦ ਰਿਹਾਈ ਕਮੇਟੀ’ ਦੀ ਮੰਜੂਰੀ ਅਤੇ ਕਰਨਾਟਕ ਦੇ ਰਾਜਪਾਲ ਦੇ ਦਸਤਖ਼ਤ ਕਰਕੇ ਰੁਕੀ ਹੋਈ ਹੈ। ਭਾਈ ਗੁਰਦੀਪ ਸਿੰਘ ਖਹਿਰਾ ਨੂੰ ਦਿੱਲੀ ਦੀ ਅਦਾਲਤ ਵੱਲੋਂ ਥਾਣਾ ਤਿਰਲੋਕ ਪੁਰੀ ਦੀ ਐਫ.ਆਈ.ਆਰ. ਨੰਬਰ 451/90 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਦੀ ਅਗਵਾਈ ਵਾਲੇ ‘ਸਜ਼ਾ ਸਮੀਖਿਆ ਬੋਰਡ’ ਨੇ 2011 ‘ਚ ਇਸ ਮਾਮਲੇ ਵਿੱਚ ਭਾਈ ਖਹਿਰਾ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਰਿਹਾਈ ਮੋਰਚੇ ਆਗੂਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਕਰਨਾਟਕ ਦੀ ਬੀਦਰ ਅਦਾਲਤ ਨੇ ਥਾਣਾ ਨਿਊ ਟਾਊਨ ਪੁਲਿਸ ਸਟੇਸ਼ਨ ਦੀ ਐਫ.ਆਈ.ਆਰ. ਨੰਬਰ 77/1990 ਵਿੱਚ ਭਾਈ ਖਹਿਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੇਂਦਰ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿਨਾਂ 8 ਬੰਦੀ ਸਿੰਘਾਂ ਦੀ ਰਿਹਾਈ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਵਿੱਚ ਭਾਈ ਖਹਿਰਾ ਦਾ ਨਾਮ ਵੀ ਸ਼ਾਮਲ ਹੈ। ਪਰ ਕਰਨਾਟਕ ਸਰਕਾਰ ਵੱਲੋਂ ਭਾਈ ਖਹਿਰਾ ਦੀ ਰਿਹਾਈ ਨੂੰ ਅੱਜੇ ਤੱਕ ਮਨਜ਼ੂਰੀ ਨਹੀਂ ਮਿਲ਼ੀ ਹੈ।
ਇਸ ਲਈ ਅਸੀਂ ਅੱਜ ਤਮਾਮ ਤਥਾਂ ਸਣੇ ਰੇਜਿਡੇਂਟ ਕਮਿਸ਼ਨਰ ਦੀ ਮਾਰਫਤ ਕਰਨਾਟਕ ਸਰਕਾਰ ਨੂੰ ਮੰਗ ਪੱਤਰ ਭੇਜਿਆ ਹੈ। ਫਿਲਹਾਲ ਭਾਈ ਖਹਿਰਾ ਇਸ ਵੇਲੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਹਨ। ਕਰਨਾਟਕ ਸਰਕਾਰ ਨੇ 26 ਜਨਵਰੀ 2022 ਨੂੰ 166 ਉਮਰ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇਣ ਦੀ ਪ੍ਰਵਾਨਗੀ ‘ਉਮਰ ਕੈਦ ਰਿਹਾਈ ਕਮੇਟੀ’ ਦੀ ਮਾਰਫਤ ਦਿੰਦੇ ਹੋਏ ਇਸ ਦੀ ਮਨਜ਼ੂਰੀ ਰਾਜਪਾਲ ਪਾਸੋਂ ਮੰਗੀ ਹੈ। ਇਸ ਲਈ ਅਸੀਂ ਰਿਹਾਈ ਮੋਰਚੇ ਵੱਲੋਂ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਵਾਸਤੇ ਉਹੀਂ ਰਾਸਤਾ ਅਪਨਾਉਣ ਨੂੰ ਪਹਿਲ ਦਿੱਤੀ ਹੈਂ।