ਨਵੀਂ ਦਿੱਲੀ, 8 ਮਾਰਚ 2022 – ਯੂਕਰੇਨ ਨਾਲ ਜੰਗ ਦਰਮਿਆਨ ਰੂਸ ਦੇ ਨਾਂਅ ਇੱਕ ਅਣਚਾਹਿਆ ਰਿਕਾਰਡ ਦਰਜ ਹੋ ਗਿਆ ਹੈ। ਰੂਸ ਹੁਣ ਦੁਨੀਆ ਦਾ ਸਭ ਤੋਂ ਵੱਧ ਪਾਬੰਦੀਆਂ ਵਾਲਾ ਦੇਸ਼ ਬਣ ਗਿਆ ਹੈ। ਤਾਜ਼ਾ ਪਾਬੰਦੀਆਂ ਤੋਂ ਬਾਅਦ ਰੂਸ ਨੇ ਈਰਾਨ ਅਤੇ ਉੱਤਰੀ ਕੋਰੀਆ ਨੂੰ ਵੀ ਪਛਾੜ ਦਿੱਤਾ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ਅਤੇ ਯੂਰਪੀ ਸੰਘ ਨੇ ਰੂਸ ‘ਤੇ 2,778 ਨਵੀਆਂ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਸਮੇਤ ਹੁਣ ਰੂਸ ‘ਤੇ 5,530 ਪਾਬੰਦੀਆਂ ਲਗਾਈਆਂ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ 22 ਫਰਵਰੀ ਤੋਂ ਪਹਿਲਾਂ ਰੂਸ ‘ਤੇ 2,754 ਪਾਬੰਦੀਆਂ ਲਗਾਈਆਂ ਗਈਆਂ ਸਨ। ਫਿਰ 22 ਫਰਵਰੀ ਤੋਂ ਬਾਅਦ ਹੁਣ ਤੱਕ (7 ਮਾਰਚ) 2778 ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ।
ਬਲੂਮਬਰਗ ਨੇ ਆਪਣੀ ਰਿਪੋਰਟ ‘ਚ Castellum.ai ਦਾ ਜ਼ਿਕਰ ਕੀਤਾ ਹੈ। ਇਹ ਇੱਕ ਗਲੋਬਲ ਬੈਨ-ਟਰੈਕਿੰਗ ਡੇਟਾਬੇਸ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਨੇ 24 ਫਰਵਰੀ ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ, ਇਹ ਜੰਗ ਅਜੇ ਵੀ ਜਾਰੀ ਹੈ।
ਈਰਾਨ ਦੀ ਗੱਲ ਕਰੀਏ ਤਾਂ ਪਿਛਲੇ 10 ਸਾਲਾਂ ‘ਚ ਉਸ ‘ਤੇ 3,616 ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਉਸ ਦੇ ਪਰਮਾਣੂ ਪ੍ਰੋਗਰਾਮ ਅਤੇ ਅੱਤਵਾਦ ਨੂੰ ਸਮਰਥਨ ਦੇਣ ਕਾਰਨ ਸਨ। ਸੀਰੀਆ ਅਤੇ ਉੱਤਰੀ ਕੋਰੀਆ ‘ਤੇ ਕ੍ਰਮਵਾਰ 2608 ਅਤੇ 2077 ਪਾਬੰਦੀਆਂ ਹਨ। ਪਰ ਹੁਣ ਰੂਸ ‘ਤੇ ਸਿਰਫ 10 ਦਿਨਾਂ ‘ਚ ਇੰਨੀਆਂ ਪਾਬੰਦੀਆਂ ਲੱਗ ਗਈਆਂ ਹਨ ਕਿ ਸਾਰੇ ਰਿਕਾਰਡ ਟੁੱਟ ਗਏ ਹਨ।
ਸਵਿਟਜ਼ਰਲੈਂਡ ਨੇ ਰੂਸ ‘ਤੇ ਸਭ ਤੋਂ ਵੱਧ (568) ਪਾਬੰਦੀਆਂ ਲਗਾਈਆਂ ਹਨ। ਇਸ ਤੋਂ ਬਾਅਦ ਯੂਰਪੀ ਸੰਘ (518), ਫਰਾਂਸ (512) ਦਾ ਨੰਬਰ ਆਉਂਦਾ ਹੈ। ਅਮਰੀਕਾ ਹੁਣ ਤੱਕ ਰੂਸ ‘ਤੇ 243 ਪਾਬੰਦੀਆਂ ਲਗਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਹੁਣ ਤੱਕ ਇਸ ਜੰਗ ਵਿੱਚ ਨਿਰਪੱਖ ਹੈ ਅਤੇ ਸ਼ਾਂਤੀ ਲਈ ਗੱਲਬਾਤ ਦੀ ਵਕਾਲਤ ਕਰਦਾ ਰਿਹਾ ਹੈ।
ਖਬਰਾਂ ਦੇ ਮੁਤਾਬਕ, Castellum.ai ਦੇ ਸਹਿ-ਸੰਸਥਾਪਕ ਪੀਟਰ ਪੀਏਟਸਕੀ ਹਨ। ਉਹ ਓਬਾਮਾ ਅਤੇ ਟਰੰਪ ਦੇ ਕਾਰਜਕਾਲ ਦੌਰਾਨ ਵਿੱਤ ਵਿਭਾਗ ਵਿੱਚ ਸਨ। ਉਸ ਦਾ ਕਹਿਣਾ ਹੈ ਕਿ ਹੁਣ ਤੱਕ ਰੂਸ ਵਿਸ਼ਵ ਅਰਥਵਿਵਸਥਾ ਦਾ ਹਿੱਸਾ ਸੀ, ਪਰ ਦੋ ਹਫ਼ਤਿਆਂ ਵਿੱਚ ਇਹ ਸਭ ਤੋਂ ਵੱਧ ਪਾਬੰਦੀਆਂ ਵਾਲਾ ਦੇਸ਼ ਬਣ ਗਿਆ ਹੈ।