ਨਵੀਂ ਦਿੱਲੀ, 25 ਫਰਵਰੀ 2022 – ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ ਦੂਜਾ ਦਿਨ ਹੈ। ਅੱਜ ਰੂਸੀ ਪਾਸਿਓਂ ਹਮਲਿਆਂ ਦੀ ਤੀਬਰਤਾ ਕਾਫੀ ਵਧ ਗਈ ਹੈ। ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸਵੇਰ ਤੋਂ ਹੀ ਸੱਤ ਵੱਡੇ ਧਮਾਕੇ ਸੁਣੇ ਗਏ ਹਨ। ਸ਼ਹਿਰ ‘ਤੇ ਇਕ ਤੋਂ ਬਾਅਦ ਇਕ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਲੋਕ ਘਰਾਂ ਵਿੱਚ ਲੁਕੇ ਹੋਏ ਹਨ। ਖਾਣ-ਪੀਣ ਤੋਂ ਲੈ ਕੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਦੇ ਬਾਵਜੂਦ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ।
ਇਸ ਦੇ ਨਾਲ ਹੀ ਲਿਵ ਸ਼ਹਿਰ ‘ਚ ਹਵਾਈ ਹਮਲੇ ਦਾ ਸਾਇਰਨ ਸੁਣਾਈ ਦਿੱਤਾ। ਇਸ ਤੋਂ ਬਾਅਦ ਇੱਥੋਂ ਦੇ ਮੇਅਰ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਹੈ।
ਸ਼ੁੱਕਰਵਾਰ ਸਵੇਰੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆਂ ਨੇ ਸਾਨੂੰ ਜੰਗ ਲੜਨ ਲਈ ਇਕੱਲਾ ਛੱਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਕੀਵ ਵਿੱਚ ਹਨ ਅਤੇ ਰੂਸੀ ਫ਼ੌਜ ਉੱਥੇ ਦਾਖ਼ਲ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਰੂਸੀਆਂ ਦਾ ਪਹਿਲਾ ਨਿਸ਼ਾਨਾ ਉਹੀ ਹੈ ਅਤੇ ਦੂਜਾ ਨਿਸ਼ਾਨਾ ਉਨ੍ਹਾਂ ਦਾ ਪਰਿਵਾਰ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਘੋਸ਼ਣਾ ਕੀਤੀ ਹੈ ਕਿ ਪੂਰੀ ਫੌਜ ਨੂੰ ਯੁੱਧ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਦੇ ਲਈ ਯੂਕਰੇਨ ਸਰਕਾਰ ਨੇ 18 ਤੋਂ 60 ਸਾਲ ਦੀ ਉਮਰ ਦੇ ਯੂਕਰੇਨੀ ਪੁਰਸ਼ਾਂ ਦੇ ਦੇਸ਼ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੁਝ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਆਪਣੇ 10,000 ਨਾਗਰਿਕਾਂ ਨੂੰ ਲੜਾਈ ਲਈ ਰਾਈਫਲਾਂ ਦਿੱਤੀਆਂ ਹਨ।