ਨਵੀਂ ਦਿੱਲੀ, 3 ਅਪ੍ਰੈਲ 2022 – ਪਾਕਿਸਤਾਨ ਦੀ ਰਾਜਨੀਤੀ ਵਿੱਚ ਅੱਜ ਦਾ ਦਿਨ ਬਹੁਤ ਹੀ ਅਹਿਮ ਹੋਣ ਜਾ ਰਿਹਾ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਅੱਜ ਇਮਰਾਨ ਖਾਨ ਦੇ ਖਿਲਾਫ ਬੇਭਰੋਸਗੀ ਮਤੇ ‘ਤੇ ਚਰਚਾ ਹੋਣ ਜਾ ਰਹੀ ਹੈ। ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਪੀਐਮਐਲ-ਐਨ ਅਤੇ ਪੀਪੀਪੀ ਨੇ ਇਮਰਾਨ ਖ਼ਾਨ ਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਂਦੇ ਹੋਏ ਕਿਹਾ ਹੈ ਕਿ ਇਮਰਾਨ ਨੇ ਸੰਸਦ ਵਿੱਚ ਬਹੁਮਤ ਗੁਆ ਲਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਪਵੇਗਾ।
ਹੁਣ ਤੱਕ ਪੀਟੀਆਈ ਦੇ ਸਿਰਫ਼ 22 ਸੰਸਦ ਮੈਂਬਰ ਪਾਕਿਸਤਾਨ ਦੀ ਸੰਸਦ ਵਿੱਚ ਪੁੱਜੇ ਹਨ। ਜਦਕਿ ਪਾਰਟੀ ਨੇ 142 ਸੰਸਦ ਮੈਂਬਰਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਜਦਕਿ ਵਿਰੋਧੀ ਧਿਰ ਦੇ 176 ਸੰਸਦ ਮੈਂਬਰ ਪਾਰਲੀਮੈਂਟ ਪਹੁੰਚ ਚੁੱਕੇ ਹਨ। ਕੁਝ ਹੀ ਸਮੇਂ ਵਿਚ ਨੈਸ਼ਨਲ ਅਸੈਂਬਲੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ, ਜਿਸ ਤੋਂ ਬਾਅਦ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪੀਐਮਐਲਐਨ ਦੀ ਆਗੂ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਵਿਰੋਧੀ ਧਿਰ ਨੂੰ 174 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ। ਫਿਲਹਾਲ ਪਾਕਿਸਤਾਨ ਦੀ ਸੰਸਦ ‘ਚ ਵਿਰੋਧੀ ਧਿਰ ਦੀ ਬੈਠਕ ‘ਚ 177 ਸੰਸਦ ਮੈਂਬਰਾਂ ਨੇ ਹਿੱਸਾ ਲਿਆ ਹੈ।
ਇਸ ਦੇ ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਇਮਰਾਨ ਸਰਕਾਰ ਡਿੱਗਦੀ ਹੈ ਤਾਂ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਹਨ। ਬੁੱਧਵਾਰ ਨੂੰ ਪਾਕਿਸਤਾਨ ‘ਚ ਵਿਰੋਧੀ ਧਿਰਾਂ ਦੀ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਬਿਲਾਵਲ ਭੁੱਟੋ ਨੇ ਕਿਹਾ ਕਿ ”ਸ਼ਾਹਬਾਜ਼ ਸ਼ਰੀਫ਼ ਛੇਤੀ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨਗੇ।” ਮੀਆਂ ਮੁਹੰਮਦ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਇੱਕ ਤਜਰਬੇਕਾਰ ਸਿਆਸਤਦਾਨ ਹਨ ਅਤੇ ਪਾਕਿਸਤਾਨ ਮੁਸਲਿਮ ਲੀਗ – ਨਵਾਜ਼ ਦੇ ਪ੍ਰਧਾਨ ਹਨ। ਇਸ ਪਾਰਟੀ ਦੀ ਸਥਾਪਨਾ ਉਨ੍ਹਾਂ ਦੇ ਵੱਡੇ ਭਰਾ ਅਤੇ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੇ ਕੀਤੀ ਸੀ।
ਸ਼ਾਹਬਾਜ਼ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ 1988 ਵਿੱਚ ਹੋਈ ਸੀ ਜਦੋਂ ਉਹ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੀ ਵਿਧਾਨ ਸਭਾ ਲਈ ਚੁਣੇ ਗਏ ਸਨ। ਲਗਭਗ ਇੱਕ ਦਹਾਕੇ ਬਾਅਦ, ਉਹ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਚੁਣੇ ਗਏ। ਸਾਲ 1999 ਵਿੱਚ ਪਰਵੇਜ਼ ਮੁਸ਼ੱਰਫ ਦੇ ਫੌਜੀ ਤਖਤਾਪਲਟ ਤੋਂ ਬਾਅਦ ਸ਼ਾਹਬਾਜ਼ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਅਤੇ ਭਰਾ ਨਵਾਜ਼ ਸ਼ਰੀਫ਼ ਨੂੰ 2000 ਵਿੱਚ ਦੇਸ਼ ਨਿਕਾਲਾ ਦੇ ਕੇ ਸਾਊਦੀ ਅਰਬ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਫਿਰ ਸਾਲ 2007 ਵਿੱਚ ਉਹ ਪਾਕਿਸਤਾਨ ਵਾਪਸ ਪਰਤ ਆਏ ਅਤੇ ਉਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਲਗਾਤਾਰ ਦੋ ਵਾਰ, 2008 ਅਤੇ ਫਿਰ 2013 ਵਿੱਚ ਸੇਵਾ ਨਿਭਾਈ।
ਸ਼ਾਹਬਾਜ਼ ਦਾ ਜਨਮ 23 ਸਤੰਬਰ, 1951 ਨੂੰ ਲਾਹੌਰ (ਪੰਜਾਬ) ਪਾਕਿਸਤਾਨ ਵਿਖੇ ਮੀਆਂ ਮੁਹੰਮਦ ਸ਼ਰੀਫ਼ ਅਤੇ ਸ਼ਮੀਮ ਅਖ਼ਤਰ ਦੇ ਘਰ ਹੋਇਆ। ਉਹ ਜੰਮੂ ਅਤੇ ਕਸ਼ਮੀਰ ਦੇ ਮੀਆਂ ਕਬੀਲੇ ਨਾਲ ਸਬੰਧਤ ਹਨ ਅਤੇ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਉਨ੍ਹਾਂ ਦੇ ਵੱਡੇ ਭਰਾ ਹਨ।
ਸ਼ਾਹਬਾਜ਼ ਨੇ ਸਾਲ 1971 ਵਿੱਚ ਲਾਹੌਰ ਦੇ ਗਵਰਨਮੈਂਟ ਕਾਲਜ ਤੋਂ ਗ੍ਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਤਿੰਨ ਵਾਰ ਵਿਆਹ ਕਰਵਾਇਆ। ਪਹਿਲੀ ਪਤਨੀ ਨੁਸਰਤ ਸ਼ਾਹਬਾਜ਼ ਤੋਂ ਉਨ੍ਹਾਂ ਦੇ ਦੋ ਪੁੱਤਰ ਅਤੇ ਤਿੰਨ ਧੀਆਂ ਹਨ। ਉਹ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕੇ ਹਨ। ਦੂਜੀ ਪਤਨੀ ਆਲੀਆ ਹਨੀ ਨਾਲ ਵੀ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ ਅਤੇ ਦੋਵਾਂ ਦੀ ਇੱਕ ਧੀ ਵੀ ਹੈ। ਸ਼ਾਹਬਾਜ਼ ਦੀ ਤੀਜੀ ਪਤਨੀ ਤਹਿਮੀਨਾ ਦੁਰਾਨੀ ਇੱਕ ਲੇਖਕਾ ਅਤੇ ਮਹਿਲਾ ਅਧਿਕਾਰ ਕਾਰਕੁਨ ਹਨ।