ਇੱਕ ਮੰਦਭਾਗੀ ਘਟਨਾ ਰਾਜਸਥਾਨ ਦੇ ਅਲਵਰ ਵਿਖੇ ਵਾਪਰੀ ਸੀ ਜਿਸ ਦੌਰਾਨ ਇੱਕ 15 ਸਾਲ ਦੀ ਬੱਚੀ ਨਾਲ ਬਦਸਲੂਕੀ ਕੀਤੀ ਗਈ ਸੀ। ਅਲਵਰ ’ਚ 15 ਸਾਲਾ ਨਾਬਾਲਗ ਬੱਚੀ ਨਾਲ ਕਥਿਤ ‘ਜਬਰਜਨਾਹ’ ਦੇ ਮਾਮਲੇ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਰਕਾਰ ਦੀ ਢਿੱਲੀ ਜਾਂਚ ਤੋਂ ਨਿਰਾਸ਼ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਦਿੱਲੀ ਇਕਾਈ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਦੀ ਅਗਵਾਈ ’ਚ ਦਿੱਲੀ ਤੋਂ ਇਕ ਵਫ਼ਦ ਅਲਵਰ ਪੁੱਜਿਆ ਅਤੇ ਉਨ੍ਹਾਂ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਲਈ 7 ਮੈਂਬਰੀ ਐਕਸ਼ਨ ਕਮੇਟੀ ਬਨਾਉਣ ਦਾ ਐਲਾਨ ਕੀਤਾ। ਇਸਤਰੀ ਅਕਾਲੀ ਦਲ ਵੱਲੋਂ ਸਥਾਨਕ ਲੋਕਾਂ ਦੀ ਭਾਈਵਾਲੀ ਨਾਲ ਗਠਿਤ ਕੀਤੀ ਗਈ ਇਹ ਐਕਸ਼ਨ ਕਮੇਝਟੀ ਦਿੱਲੀ ਸਥਿਤ ਇਸਤਰੀ ਅਕਾਲੀ ਦਲ ਦੇ ਲੀਗਲ ਸੈਲ ਦੇ ਸੀਨੀਅਰ ਵਕੀਲਾਂ ਦੀ ਸਹਾਇਤਾ ਵੀ ਲਵੇਗੀ।
ਬੀਬੀ ਰਣਜੀਤ ਕੌਰ ਨੇ ਪੀੜ੍ਹਤਾ ਦਾ ਮੈਡੀਕਲ ਟੈਸਟ ਦਿੱਲੀ ਸਥਿਤ ਆਲ ਇੰਡੀਆ ਮੈਡੀਕਲ ਸਾਇੰਸੇਜ (ਏਮਜ਼) ’ਚ ਕਰਵਾਉਣ ਦੀ ਵਕਾਲਤ ਕੀਤੀ ਤਾਂ ਕਿ ਮੈਡੀਕਲ ਰਿਪੋਰਟ ’ਚ ਪਾਰਦਰਸ਼ਤਾ ਬਣੀ ਰਹੇ । ਉਨ੍ਹਾਂ ਨੇ ਇਸ ਮਾਮਲੇ ’ਚ ਦਬਾਅ ਬਨਾਉਣ ਲਈ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਯੂ.ਪੀ. ਅਤੇ ਦਿੱਲੀ ’ਚ ਰੋਸ ਵਿਖਾਵਾ ਕਰਨ ਦੀ ਗੱਲ ਵੀ ਕਹੀ। ਬੀਬੀ ਰਣਜੀਤ ਕੌਰ ਨੇ ਕਿਹਾ ਕਿ 11 ਜਨਵਰੀ ਦੀ ਰਾਤ ਨੂੰ ਵਾਪਰੀ ਇਸ ਘਿਨੌਣੀ ਘਟਨਾ ਨਾਲ ੳਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ ਹੈ । ਪਹਿਲਾਂ ਇਸ ਮਾਮਲੇ ’ਚ ਦੱਸਿਆ ਗਿਆ ਸੀ ਕਿ ਪੀੜ੍ਹਤਾ ਦਲਿਤ ਭਾਈਚਾਰੇ ਤੋਂ ਹੈ ਅਤੇ ਹੁਣ ਜਾਣਕਾਰੀ ਮਿਲੀ ਹੈ ਕਿ ਪੀੜ੍ਹਤਾ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਤ ਹੈ।
ਉਨ੍ਹਾਂ ਕਿਹਾ ਕਿ ਪੀੜ੍ਹਤਾ ਭਾਵੇਂ ਕਿਸੇ ਵੀ ਭਾਈਚਾਰੇ ਨਾਲ ਸੰਬੰਧਤ ਹੋਵੇ ਪਰੰਤੂ ਪਹਿਲਾਂ ਉਹ ਇਸ ਦੇਸ਼ ਦੀ ਧੀ ਸੀ ਅਤੇ ਦੇਸ਼ਭਰ ’ਚ ਹਰ ਧੀ ਨੂੰ ਨਿਆਂ ਦਿਲਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਇਸਤਰੀ ਅਕਾਲੀ ਦਲ ਵਚਨਬੱਧ ਹੈ। ਇਸਤਰੀ ਅਕਾਲੀ ਦਲ ਦੀ ਅਗਵਾਈ ’ਚ ਭਾਰੀ ਗਿਣਤੀ ’ਚ ਸਥਾਨਕ ਲੋਕ ਗੁਰਦੁਆਰਾ ਮਾਲੇ ਖੇੜਾ ਸਾਹਿਬ ਤੋਂ ਅੱਲਾਪੁਰ (ਅਲਵਰ), ਜੈਪੁਰ ਰੋਡ ਸਥਿਤ ਪੀੜ੍ਹਤਾ ਦੇ ਘਰ ਪੁੱਜੇ ਅਤੇ ਉਸ ਦੇ ਪਰਿਵਾਰਕ ਜੀਆਂ ਨੂੰ ਇਸ ਮਾਮਲੇ ’ਚ ਹਰ ਸੰਭਵ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ।
ਇਸਤਰੀ ਅਕਾਲੀ ਦਲ ਦੇ ਵਫ਼ਦ ’ਚ ਅਰਵਿੰਦਰ ਕੌਰ, ਭੁਪਿੰਦਰ ਕੌਰ, ਪਰਮਜੀਤ ਕੌਰ ਗੁੱਡੀ, ਸੂਰਬੀਰ ਕੌਰ, ਰਜਿੰਦਰ ਕੌਰ, ਹਰਦੀਪ ਕੌਰ, ਗੁਰਮੀਤ ਸਿੰਘ ਟਿੰਕੂ ਅਤੇ ਵਕੀਲ ਸਿੰਘ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ‘ਕਥਿਤ’ ਸ਼ਬਦ ਦੀ ਵਰਤੋਂ ਇਸ ਲਈ ਕੀਤੀ ਗਈ ਕਿਉਂਕਿ ਰਾਜਸਥਾਨ ਪੁਲਸ ਨੇ ਬਿਆਨ ਜਾਰੀ ਕਰਕੇ 15 ਸਾਲਾ ਨਾਬਾਲਗ ਪੀੜ੍ਹਤਾ ਨਾਲ ਕਿਸੇ ਵੀ ਤਰ੍ਹਾਂ ਦੇ ਜਿਸਮਾਨੀ ਤਸੀਹਾ ਮਿਲਣ ਤੋਂ ਇਨਕਾਰ ਕੀਤਾ ਹੈ।
https://www.facebook.com/thekhabarsaar/