ਫਗਵਾੜਾ, 9 ਫਰਵਰੀ 2022 – ਇੱਥੇ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨਾਲ ਵੱਖ ਵੱਖ ਸਿੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਕਰਵਾਈ ਜਿਸ ਵਿਚ ਸਿੱਖ ਆਗੂਆਂ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਗੱਲਬਾਤ ਕੀਤੀ ਅਤੇ ਇਕ ਮੰਗ ਪੱਤਰ ਦਿੱਤਾ। ਕੇਂਦਰੀ ਮੰਤਰੀ ਤੇ ਭਾਜਪਾ ਆਗੂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਨੂੰ ਜਲਦ ਹੱਲ ਕਰਵਾਉਣਗੇ।
ਇਸ ਮੌਕੇ ’ਤੇ ਸਾਂਪਲਾ ਨੇ ਕਿਹਾ ਕਿ ਸਿੱਖ ਜੱਥੇਬੰਦੀਆਂ ਦੀ ਗੱਲ ਮੋਦੀ ਸਰਕਾਰ ਤੱਕ ਪਹੁੰਚਾ ਦਿੱਤੀ ਗਈ ਹੈ ਅਤੇ ਜਲਦ ਹੀ ਇਸ ’ਤੇ ਕਾਰਵਾਈ ਹੋਣ ਦੀ ਉਮੀਦ ਹੈ, ਤਾਂ ਜੋ ਜੇਲਾਂ ਵਿਚ ਬੰਦ ਸਿੱਖਾਂ ਨੂੰ ਰਿਹਾਈ ਮਿਲ ਸਕੇ। ਸਿੱਖ ਜੱਥੇਬੰਦੀਆਂ ਵਲੋਂ ਭਾਜਪਾ ਪੰਜਾਬ ਦੇ ਇੰਚਾਰਜ ਗਜ਼ਿੰਦਰ ਸੇਖ਼ਾਵਤ ਨੂੰ ਇੱਥੇ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰ ਪਾਇਆ ਗਿਆ। ਉਹਨਾਂ ਯਾਦ ਕਰਾਇਆ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ 2019 ’ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਸੀ ਪਰ ਅਜੇ ਤੱਕ ਅਮਲ ਨਹੀਂ ਹੋਇਆ। ਮੰਗ ਪੱਤਰ ਦੇਣ ਪੁੱਜੇ ਜੱਥੇ ’ਚ ਸ਼ਾਮਲ ਹਰਜਿੰਦਰ ਸਿੰਘ ਮਾਝੀ ਦਰਬਾਰ- ਏ- ਖਾਲਸਾ ਅਤੇ ਸੁਖਦੇਵ ਸਿੰਘ ਫਗਵਾੜਾ ਅਲਾਇੰਸ ਆਪ ਸਿੱਖ ਅਰਗੇਨਾਇਜੇਸ਼ਨ ਨੇ ਕਿਹਾ ਕਿ ਵੱਖ ਵੱਖ ਕੇਸਾਂ ’ਚ ਨਜ਼ਾਇਜ਼ ਤੌਰ ਨਜ਼ਰਬੰਦ ਇਹਨਾਂ ਬੰਦੀ ਸਿੰਘਾਂ ਦੀ ਜਲਦ ਰਿਹਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇੱਕ ਪਾਸੇ ਵਧੀਕੀਆਂ ਦੇ ਜੁਰਮ ’ਚ ਪੁਲੀਸ ਅਫ਼ਸਰਾਂ ਦੀ ਲੰਬੀ ਸਜਾ ਜਲਦ ਖਤਮ ਕਰ ਦਿੱਤੀ ਜਾਂਦੀ ਹੈ ਪਰ ਬੰਦੀ ਸਿੰਘਾ ਨਾਲ ਲੰਬੇ ਅਰਸੇ ਤੋਂ ਬੇਇਨਸਾਫ਼ੀ ਹੋ ਰਹੀ ਹੈ। ਉਹਨਾਂ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਈ ਗਈ ਫਾਂਸੀ ਦੀ ਸਜਾ ਨੂੰ ਵੀ ਉਮਰ ਕੈਦ ’ਚ ਤਬਦੀਲ ਕਰਨ ਦੀ ਵਕਾਲਤ ਕੀਤੀ ਗਈ।
ਇਹ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਭਾਜਪਾ ਆਗੂ ਗਜ਼ਿੰਦਰ ਸ਼ੇਖਾਵਤ ਨੇ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੋਨ ਉੱਤੇ ਸੰਪਰਕ ਕੀਤਾ ਅਤੇ ਉਹਨਾਂ ਨੇ ਇਸ ਦੇ ਜਲਦ ਹੱਲ ਦਾ ਭਰੋਸਾ ਦਿੱਤਾ।
ਇਸ ਮੌਕੇ ਸਾਂਪਲਾ ਨੇ ਫਗਵਾੜਾ ਚੋਣ ਬਾਰੇ ਕਿਹਾ ਕਿ ਲੋਕਾਂ ਦਾ ਉਨ੍ਹਾਂ ਬਹੁਤ ਹੀ ਜਿਆਦਾ ਪਿਆਰ ਅਤੇ ਸਨਮਾਨ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਲੋਕ ਉਨ੍ਹਾਂ ਵੱਲੋਂ ਬਤੌਰ ਸਾਂਸਦ ਕੀਤੇ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਮੌਕਾ ਜਰੂਰ ਦੇਣਗੇ। ਸਾਬਕਾ ਸੰਸਦ ਨੇ ਦੱਸਿਆ ਕਿ ਉਹ ਵੀ ਲੋਕਾਂ ਦੇ ਵਿਸ਼ਵਾਸ ’ਤੇ ਖਰਾ ਉਤਰਣਗੇ। ਉਨ੍ਹਾਂ ਮੰਗ ਕੀਤੀ ਕਿ ਬੰਦੀ ਸਿੱਖਾ ਦੀ ਰਿਹਾਈ ਛੇਤੀ ਤੋਂ ਛੇਤੀ ਕੀਤੀ ਜਾਵੇ। ਇਸ ਮੌਕੇ ਮੀਟਿੰਗ ਦੌਰਾਨ ਭਾਜਪਾ ਦੇ ਵੱਖ ਵੱਖ ਸਥਾਨਕ ਆਗੂਆਂ ਨੇ ਹਲਕੇ ਦੀ ਸਮੱਸਿਆਵਾਂ ਅਤੇ ਪਾਰਟੀ ਆਗੂਆਂ ਵੱਲੋਂ ਕਰਵਾਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਸੂਝਵਾਨ ਆਗੂ ਸ਼੍ਰੀ ਵਿਜੈ ਸਾਂਪਲਾ ਨੂੰ ਕਾਮਯਾਬ ਬਣਾ ਕੇ ਵਿਧਾਨ ਸਭਾ ਵਿਚ ਭੇਜਣ।
ਮੀਟਿੰਗ ਦੌਰਾਨ ਵੱਖ-ਵੱਖ ਸਿੱਖ ਜੱਥੇਬੰਦੀਆਂ ਦਾ ਇਕ ਵਫ਼ਦ ਜਿਸ ਵਿਚ ਹਰਜਿੰਦਰ ਸਿੰਘ ਮਾਝੀ, ਹਰਦੀਪ ਸਿੰਘ ਡਿਬਡਿਬੀ, ਗੁਰਚਰਨ ਸਿੰਘ, ਜੱਥੇਦਾਰ ਜਗਤਾਰ ਸਿੰਘ, ਜਸਪਾਲ ਸਿੰਘ ਮੰਝਪੁਰ, ਗੁਰਪਾਲ ਸਿੰਘ ਮੌਲੀ, ਅਮਨਜੀਤ ਸਿੰਘ ਸੰਧੂ, ਮਨਜੀਤ ਸਿੰਘ ਅਕਾਲ ਸਟੂਡੈਂਟ ਫੈਡਰੇਸ਼ਨ ਪੰਜਾਬ ਅਤੇ ਪਲਵਿੰਦਰ ਸਿੰਘ ਤਲਵੰਡੀ ਨੌਜਵਾਨ ਕਿਸਾਨ ਯੂਨੀਅਨ ਸ਼ਾਮਿਲ ਸਨ।