ਸਿਰਸਾ ਤੇ ਕਾਲਕਾ ਨੇ ਗੋਲਡਨ ਹੱਟ ਵਾਲੇ ਰਾਣਾ ਦਾ ਪਰਿਵਾਰ ਆਪਣੇ ਨਾਲ ਦਿੱਲੀ ਲਿਆਂਦਾ, ਸੁਰੱਖਿਆ ਦੀ ਲਈ ਜ਼ਿੰਮੇਵਾਰੀ

  • ਕਿਹਾ ਕਿ ਕਮੇਟੀ ਗੋਲਡਨ ਹੱਟ ਵਾਲੇ ਰਾਣਾ ਨਾਲ ਡੱਟ ਕੇ ਖੜੇਗੀ
  • ਖੂਨ ਦਾ ਕਤਰਾ ਕਤਰਾ ਵਹਿ ਜਾਵੇ, ਰਾਣਾ ਦੇ ਪਰਿਵਾਰ ਨੂੰ ਕੁਝ ਨਹੀਂ ਹੋਣ ਦਿਆਂਗੇ : ਮਨਜਿੰਦਰ ਸਿੰਘ ਸਿਰਸਾ
  • ਸਿਰਸਾ ਤੇ ਕਾਲਕਾ ਨੇ ਆਪਣੀ ਟੀਮ ਰਾਣਾ ਦੇ ਨਾਲ ਤਾਇਨਾਤ ਕੀਤੀ

ਨਵੀਂ ਦਿੱਲੀ, 25 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦਾ ਪਰਿਵਾਰ ਆਪਣੇ ਨਾਲ ਦਿੱਲੀ ਲਿਆਂਦਾ ਤੇ ਪਰਿਵਾਰ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਲੈ ਲਈ। ਉਹਨਾਂ ਕਿਹਾ ਕਿ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਦੇ ਖਤਰੇ ਨੂੰ ਵੇਖਦਿਆਂ ਅਸੀਂ ਇਹ ਫੈਸਲਾ ਲਿਆ ਹੈ ਤੇ ਇਸ ’ਤੇ ਡੱਟ ਕੇ ਪਹਿਰਾ ਦਿਆਂਗੇ।

ਗੋਲਡਨ ਹੱਟ ਪੁੱਜੇ ਸਰਦਾਰ ਸਿਰਸਾ ਤੇ ਸਰਦਾਰ ਕਾਲਕਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਕਮੇਟੀ ਗੋਲਡਨ ਹਟ ਵਾਲੇ ਰਾਣਾ ਜੀ ਨਾਲ ਡੱਟ ਕੇ ਖੜੀ ਹੋਵੇਗੀ ਤੇ ਕਿਸੇ ਵੀ ਸੂਰਤ ਵਿਚ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨਾਲ ਇਕ ਟੀਮ ਵੀ ਤਾਇਨਾਤ ਕਰ ਦਿੱਤੀ ਗਈ ਹੈ ਜੋ 24 ਘੰਟੇ ਰਾਣਾ ਜੀ ਦੇ ਨਾਲ ਰਹੇਗੀ ਤੇ ਉਹਨਾਂ ਦਾ ਖਿਆਲ ਰੱਖੇਗੀ। ਉਹਨਾਂ ਦੱਸਿਆ ਕਿ ਅਸੀਂ ਰਾਣਾ ਦਾ ਪਰਿਵਾਰ ਆਪਣੇ ਨਾਲ ਲਿਜਾ ਰਹੇ ਹਾਂ ਤੇ ਇਹਨਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੋਵੇਗੀ।

ਉਹਨਾਂ ਦੱਸਿਆ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਿਸਾਨਾਂ ਦੀ ਮਹਾਨ ਸੇਵਾ ਕਰਨ ਵਾਲੇ ਰਾਮ ਸਿੰਘ ਰਾਣਾ ਨਾਲ ਧੱਕੇਸ਼ਾਹੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ ਰਾਣਾ ਨਾਲ ਕਿਸੇ ਵੀ ਸੂਰਤ ਵਿਚ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਵਸਦੇ ਪੰਜਾਬੀਆਂ ਤੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਵੇਖਦਿਆਂ ਇਥੇ ਪੁੱਜੇ ਹਨ ਤੇ ਭਰੋਸਾ ਦੁਆਉਦੇ ਹਨ ਕਿ ਭਾਵੇਂ ਸਾਡੇ ਖੂਨ ਦਾ ਕਤਰਾ ਕਤਰਾ ਵਹਿ ਜਾਵੇ, ਅਸੀਂ ਰਾਣਾ ਤੇ ਉਸਦੇ ਪਰਿਵਾਰ ਨੂੰ ਕੁਝ ਨਹੀਂ ਹੋਣ ਦਿਆਂਗੇ। ਉਹਨਾਂ ਕਿਹਾ ਕਿ ਅੱਜ ਕਿਸਾਨਾਂ ਦੀ ਸੇਵਾ ਵਾਸਤੇ ਰਾਣਾ ਨੇ ਆਪਣਾ ਸਾਰਾ ਕਾਰੋਬਾਰ ਦਾਅ ’ਤੇ ਲਗਾ ਦਿੱਤਾ ਹੈ ਤੇ ਕਿਸਾਨਾਂ ਦੀ ਲੜਾਈ ਲੜੀ ਹੈ। ਉਹਨਾਂ ਕਿਹਾ ਕਿ ਇਹ ਸਿਰਫ ਕਹਿਣਾ ਹੀ ਸੌਖਾ ਹੈ ਪਰ ਰਾਣਾ ਨੇ ਆਪਣਾ ਸਭ ਕੁਝ ਦਾਅ ’ਤੇ ਲਗਾ ਕੇ ਕਿਸਾਨਾਂ ਦੀ ਸੇਵਾ ਕੀਤੀ ਹੈ ਕਿਉਕਿ ਉਹ ਆਪ ਕਿਸਾਨ ਦੇ ਪੁੱਤਰ ਹਨ।

ਉਹਨਾਂ ਨੇ ਦਿੱਲੀ ਆਉਣ ਵਾਲੇ ਟੈਕਸੀ ਵਾਲਿਆਂ, ਆਮ ਆਦਮੀਆਂ, ਪ੍ਰਾਈਵੇਟ ਬੱਸਾਂ ਵਾਲਿਆਂ ਤੇ ਹੋਰਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਭਰਾ ਰਾਣਾ ਦਾ ਸਾਥ ਦੇਣ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਭਰਾ ਦਾ ਸਾਥ ਦੇਈਏ।
ਉਹਨਾਂ ਕਿਹਾ ਕਿ ਅਸੀਂ ਦੁਨੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਸਾਡੇ ਭਰਾ ਵੱਲ ਵੇਖਦਾ ਹੈ ਤਾਂ ਪਹਿਲਾਂ ਹੀ ਸਮਝ ਲਵੇ ਕਿ ਅਸੀਂ ਡਰਨ ਵਾਲੇ ਨਹੀਂ ਬਲਕਿ ਡੱਟ ਕੇ ਜ਼ਬਰ ਤੇ ਜ਼ੁਲਮ ਦਾ ਸਾਹਮਣਾ ਕਰਾਂਗੇ।

ਉਹਨਾਂ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਇਸ ਕਦਰ ਤੱਕ ਸਰਕਾਰਾਂ ਡਿੱਗ ਗਈਆਂ ਹਨ ਕਿ ਰਾਣਾ ਦੇ ਪਰਿਵਾਰ ਨੂੰ ਧਮਕੀਆਂ ਦੇਣ ਲੱਗ ਪਏ ਹਨ।
ਉਹਨਾਂ ਕਿਹਾ ਕਿ ਅਸੀਂ ਰਾਣਾ ਜੀ ਨੂੰ ਭਰੋਸਾ ਦਿੱਤਾ ਹੈ ਕਿ ਸਮੁੱਚੀ ਕਿਸਾਨ ਕੌਮ ਰਾਣਾ ਜੀ ਦੇ ਨਾਲ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਉਤੇ ਕੋਈ ਕਰਜ਼ ਨਹੀਂ ਰੱਖਦੇ ਤੇ ਰਾਣਾ ਜੀ ਸਾਡੇ ਭਰਾ ਹਨ ਜਿਹਨਾਂ ਨੇ ਆਪਣਾ ਕਾਰੋਬਾਰ ਤਿਆਗਿਆ, ਅਸੀਂ ਕਿਸੇ ਵੀ ਸੂਰਤ ਵਿਚ ਉਹਨਾਂ ਦਾ ਸਾਥ ਨਹੀਂ ਛੱਡਾਂਗੇ। ਉਹਨਾਂ ਕਿਹਾ ਕਿ ਅੱਜ ਅਮਰੀਕਾ, ਇੰਗਲੈਂਡ, ਫਰਾਂਸ, ਸਵਿਟਰਜ਼ਲੈਂਡ, ਹੋਲੈਂਡ ਤੋਂ ਲੈ ਕੇ ਦੁਨੀਆਂ ਦਾ ਸ਼ਾਇਦ ਹੀ ਅਜਿਹਾ ਕੋਈ ਮੁਲਕ ਹੋਵੇ ਜਿਥੇ ਦੇ ਲੋਕ ਤੇ ਪੰਜਾਬੀ ਰਾਣਾ ਜੀ ਦੇ ਨਾਲ ਨਾ ਹੋਣ।
ਇਸ ਮੌਕੇ ਰਾਣਾ ਨੇ ਕਿਹਾ ਕਿ ਉਹਨਾਂ ਕੋਲ ਸ਼ਬਦ ਨਹੀਂ ਕਿ ਕਿਵੇਂ ਸਿਰਸਾ ਜੀ ਤੇ ਕਾਲਕਾ ਜੀ ਤੇ ਹੋਰਨਾਂ ਦਾ ਧੰਨਵਾਦ ਕਰਨ। ਉਹਨਾਂ ਕਿਹਾ ਕਿ ਜੋ ਪ੍ਰੇਸ਼ਾਨੀ ਮੈਨੂੰ ਕੱਲ ਤੋਂ ਹੋ ਰਹੀ ਸੀ, ਹੁਣ ਮੈਂ ਬੇਫਿਕਰ ਹੋ ਗਿਆ ਹਾਂ।

ਇਸ ਦੌਰਾਨ ਸ. ਸਿਰਸਾ ਅਤੇ ਕਾਲਕਾ ਤੋਂ ਇਲਾਵਾ ਸ. ਸਰਬਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ, ਰਮਿੰਦਰ ਸਿੰਘ ਸਵੀਟਾ, ਹਰਪਾਲ ਸਿੰਘ ਕੋਛੜ, ਹਰਜੀਤ ਸਿੰਘ ਪੱਪਾ, ਜਸਪ੍ਰੀਤ ਸਿੰਘ ਵਿੱਕੀ ਮਾਨ, ਗਗਨ ਸਿੰਘ ਛਿਆਸੀ ਆਦਿ ਵੀ ਮੌਜੁਦ ਰਹੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਈਟੀਟੀ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ

ਆਮ ਘਰਾਂ ਦੇ ਨਹੀਂ, ਕੈਪਟਨ ਨੂੰ ਕਾਂਗਰਸੀ ਪੁੱਤ ਭਤੀਜਿਆਂ ਦੀ ਫ਼ਿਕਰ: ਹਰਪਾਲ ਚੀਮਾ