ਫਰੀਦਕੋਟ 5 ਫਰਵਰੀ 2022 – 2016 ‘ਚ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਸਵੇਰੇ ਤੜਕਸਾਰ ਕੀਤੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੇ ਕਤਲ ਕੇਸ ‘ਚ ਫਰੀਦਕੋਟ ਦੀ ਅਦਾਲਤ ਨੇ ਤਿੰਨ ਵਿਆਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਹਰ ਇੱਕ ਨੂੰ 25000 ਰੁਪਏ ਜੁਰਮਾਨਾ ਵੀ ਕੀਤਾ ਹੈ।
ਇਸ ਮੁਕੱਦਮੇ ਦੇ ਵਕੀਲ ਵਿਨੋਦ ਮੋਂਗਾ ਐਡਵੋਕੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਵਧੀਕ ਜਿਲ੍ਹਾ ਸ਼ੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਅਸਲ ‘ਚ 13-06-2016 ਨੂੰ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਸਵੇਰੇ ਕਰੀਬ 5:15 ਵਜੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਸਿਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਵਕਤ ਉਹ ਆਪਣੀ ਪਤਨੀ ਸਮੇਤ ਆਪਣੀ ਦੁਕਾਨ ਗੁਰਦੇਵ ਕਰਿਆਨਾ ਸਟੋਰ ਦੀ ਸਫਾਈ ਕਰ ਰਿਹਾ ਸੀ।
ਇਸ ਸਾਰੀ ਵਾਰਦਾਤ ਗੁਰਦੇਵ ਸਿੰਘ ਦੀ ਘਰਵਾਲੀ ਸਰਬਜੀਤ ਕੌਰ ਦੇ ਸਾਹਮਣੇ ਵਾਪਰੀ ਅਤੇ ਉਕਤ ਸਰਬਜੀਤ ਕੌਰ ਦੇ ਬਿਆਨਾਂ ਤੇ ਹੀ ਪੁਲਿਸ ਵੱਲੋਂ ਅਣਪਛਾਤੇ ਵਿਆਕਤੀਆਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਕਤਲ ਕੇਸ ‘ਚ ਤਫਤੀਸ਼ ਦੌਰਾਨ ਤਿੰਨ ਵਿਆਕਤੀਆਂ ਗੁਰਪ੍ਰੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਕੁਹਾਲਾ, ਅਸ਼ੋਕ ਕੁਮਾਰ ਉਰਫ ਅਮਨਾ ਸੇਠ ਪੁੱਤਰ ਦੇਸ ਰਾਜ ਵਾਸੀ ਪਿੰਡ ਕੋਹਾਲ ਅਤੇ ਜਸਵੰਤ ਸਿੰਘ ਪੁੱਤਰ ਗੁਰਬਿੰਦਰ ਸਿੰਘ ਵਾਸੀ ਚੱਕ ਅਟਾਰੀ ਸਦਰ ਵਾਲਾ, ਜਿਲ੍ਹਾ ਮੁਕਤਸਰ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਸੀ। ਜਿਸ ਤੇ ਅਦਾਲਤ ਨੇ ਹੁਣ ਫੈਸਲਾ ਸੁਣਾਇਆ ਹੈ।