ਅੰਮ੍ਰਿਤਸਰ, 23 ਮਾਰਚ 2022 – ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀੜੀ ਪੀਣ ਨੂੰ ਲੈ ਕੇ ਔਰਤ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਗੁਰੂਘਰ ਦੀ ਮਰਿਆਦਾ ਪ੍ਰਤੀ ਸੰਗਤਾਂ ਨੂੰ ਹੁਣ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਅਣਜਾਣੇ ਵਿੱਚ ਹਰਿਮੰਦਰ ਸਾਹਿਬ ਅਤੇ ਹੋਰ ਸਿੱਖ ਧਾਰਮਿਕ ਸੰਸਥਾਵਾਂ ਦੀ ਬੇਅਦਵੀ ਨਾ ਕਰ ਸਕੇ।
ਐਸਜੀਪੀਸੀ ਨੇ ਸਾਰੇ ਜੋੜੇ ਘਰਾਂ ਅਤੇ ਗੁਰੂਘਰ ਨੂੰ ਜਾਣ ਵਾਲੇ ਗੇਟਾਂ ਦੇ ਨੇੜੇ ਤੰਬਾਕੂ ਦੀ ਮਨਾਹੀ ਵਾਲੇ ਬੋਰਡ ਲਗਾ ਦਿੱਤੇ ਹਨ। ਇਹ ਤਿੰਨ ਭਾਸ਼ਾਵਾਂ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਲਿਖਿਆ ਗਿਆ ਹੈ, ਤਾਂ ਜੋ ਗੁਰੂਘਰ ਵਿੱਚ ਆਉਣ ਵਾਲਾ ਹਰ ਵਿਅਕਤੀ ਗੁਰੂਘਰ ਦੀ ਸ਼ਾਨ ਨੂੰ ਜਾਣ ਸਕੇ ਅਤੇ ਕੋਈ ਵੀ ਅਣਜਾਣੇ ਵਿੱਚ ਗੁਰੂਘਰ ਦੀ ਮਰਿਆਦਾ ਨੂੰ ਤੋੜ ਨਾ ਸਕੇ।
ਬੋਰਡ ‘ਤੇ ਸਾਫ਼ ਲਿਖਿਆ ਹੋਇਆ ਹੈ ਕਿ ਸਿਗਰਟ-ਬੀੜੀ ਪੀਣਾ ਜਾਂ ਤੰਬਾਕੂ ਦੀ ਵਰਤੋਂ ਕਰਨਾ ਪੂਰੀ ਤਰ੍ਹਾਂ ਮਨਾਹੀ ਹੈ। ਇਸ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਸਿੱਖ ਗੁਰਧਾਮਾਂ ‘ਤੇ ਤੰਬਾਕੂ ਲੈ ਕੇ ਜਾਣਾ ਜਾਂ ਵਰਤਣਾ ਸਖ਼ਤ ਮਨਾਹੀ ਹੈ ਅਤੇ ਅਪਰਾਧ ਹੈ।
ਕੁਝ ਦਿਨ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਕਿਸੇ ਹੋਰ ਸੂਬੇ ਦੀ ਔਰਤ ਨਾਲ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਸੀ। ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸ਼੍ਰੋਮਣੀ ਕਮੇਟੀ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੇ SGPC ਦੇ ਵਿਰੋਧ ‘ਚ ਇੱਥੋਂ ਤੱਕ ਕਹਿ ਦਿੱਤਾ ਕਿ ਔਰਤ ਨੇ ਬੀੜੀ ਨਹੀਂ ਪੀਤੀ ਪਰ SGPC ਨੇ ਔਰਤ ਨੂੰ ਸਮਝਾਉਣ ਦੀ ਬਜਾਏ ਹੱਥ ਚੁੱਕ ਕੇ ਜ਼ੁਲਮ ਦਾ ਸਬੂਤ ਦਿੱਤਾ ਹੈ।
ਉਧਰ, ਸ਼੍ਰੋਮਣੀ ਕਮੇਟੀ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਔਰਤ ’ਤੇ ਹਮਲਾ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਨਹੀਂ ਕੀਤਾ ਗਿਆ ਅਤੇ ਡਿਊਟੀ ਵਿੱਚ ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।