ਪਟਿਆਲਾ, 25 ਜੂਨ 2021 – ਰੁਜ਼ਗਾਰ ਦੀ ਮੰਗ ਕਰ ਰਹੇ 2364 ਪੋਸਟਾਂ ਤੇ ਭਰਤੀ ਕਰਨ ਦੀ ਮੰਗ ਲਈ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਪੁੱਜੇ ਈਟੀਟੀ ਟੈਂਟ ਪਾਸ ਅਧਿਆਪਕਾਂ ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ਮੌਕੇ ਬੇਰੁਜ਼ਗਾਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਭਰਤੀ ਲਈ ਜਲਦ ਤੋਂ ਜਲਦ ਇਸ਼ਤਿਹਾਰ ਕੱਢੇ ਜਾਣ। ਇਸ ਦੌਰਾਨ ਦਰਜਨ ਦੇ ਕਰੀਬ ਅਧਿਆਪਕ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ।
ਮੌਕੇ ਯੂਨੀਅਨ ਦੇ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ ਹਾਲੇ ਤਕ ਲਾਰਿਆਂ ਤੋਂ ਸਿਵਾ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ ਗਿਆ। ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਨਹਿਰੂ ਪਾਰਕ ਵਿਖੇ ਰੋਸ ਰੈਲੀ ਵੀ ਕੀਤੀ ਗਈ। ਦੁਪਹਿਰ ਬਾਅਦ ਤਕ ਕੋਈ ਵੀ ਭਰੋਸਾ ਨਾ ਮਿਲਣ ‘ਤੇ ਉਨ੍ਹਾਂ ਵੱਲੋਂ ਮੋਤੀ ਮਹਿਲ ਵੱਲ ਕੂਚ ਕੀਤਾ ਗਿਆ। ਜਿਵੇਂ ਹੀ ਉਹ ਮੋਤੀਮਹੱਲ ਨਜ਼ਦੀਕ ਵਾਈ ਪੀ ਐੱਸ ਚੋਂਕ ਪੁੱਜੇ ਤਾਂ ਉੱਥੇ ਵੱਡੀ ਗਿਣਤੀ ਵਿਚ ਖੜ੍ਹੀ ਪੁਲਿਸ ਫੋਰਸ ਨੇ ਉਨ੍ਹਾਂ ਉੱਪਰ ਲਾਠੀਚਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਸੰਘਰਸ਼ ਜਾਰੀ ਰੱਖਣਗੇ।