ਨਵੀਂ ਦਿੱਲੀ, 28 ਫਰਵਰੀ 2022 – ਯੂਕਰੇਨ ‘ਚ ਵਿਗੜਦੇ ਹਾਲਾਤਾਂ ਦਰਮਿਆਨ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਨਾਲ ਯੂਕਰੇਨ ਦੀ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਬੁਰੇ ਵਿਵਹਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਰੋਮਾਨੀਆ ਅਤੇ ਪੋਲੈਂਡ ਦੀ ਸਰਹੱਦ ‘ਤੇ ਭਾਰਤੀ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਵਿਰੋਧ ਕਰਨ ‘ਤੇ ਵਿਦਿਆਰਥੀਆਂ ‘ਤੇ ਡਾਂਗਾਂ ਵੀ ਸੁੱਟੀਆਂ ਗਈਆਂ। ਯੂਕਰੇਨ ਵਿੱਚ ਫਸੇ ਪੰਜਾਬ, ਰਾਜਸਥਾਨ, ਛੱਤੀਸਗੜ੍ਹ, ਐਮਪੀ ਅਤੇ ਕੇਰਲਾ ਦੇ ਵਿਦਿਆਰਥੀਆਂ ਨੇ ਇਸ ਬੁਰੇ ਵਰਤਾਓ ਦੀਆਂ ਵੀਡੀਓਜ਼ ਅਤੇ ਆਡੀਓਜ਼ ਸੋਸ਼ਲ ਮੀਡੀਆ ਦੇ ਨਾਲ-ਨਾਲ ਆਪਣੇ ਪਰਿਵਾਰਾਂ ਨਾਲ ਸਾਂਝੀਆਂ ਕੀਤੀਆਂ ਹਨ।
ਪੰਜਾਬ ਦੇ MBBS ਵਿਦਿਆਰਥੀ ਨੇ ਰੋਮਾਨੀਆ ਬਾਰਡਰ ‘ਤੇ ਯੂਕਰੇਨੀ ਪੁਲਿਸ ਦੀ ਬੇਰਹਿਮੀ ਦੀ ਵੀਡੀਓ ਅਤੇ ਆਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਯੂਕਰੇਨ ਦੀ ਪੁਲਿਸ ਦੀ ਬੇਰਹਿਮੀ ਸਾਫ਼ ਦਿਖਾਈ ਦੇ ਰਹੀ ਹੈ। ਪੁਲਿਸ ਮੁਲਾਜ਼ਮ ਬੈਗ ਲੈ ਕੇ ਜਾ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੱਤ ਮਾਰਦੇ ਅਤੇ ਮੁੱਕੇ ਮਾਰਦੇ ਨਜ਼ਰ ਆ ਰਹੇ ਹਨ। ਇਹ ਵਿਦਿਆਰਥੀ, ਜੋ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਹੈ, ਯੂਕਰੇਨ ਦੀ ਸੁਮੀ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਉਸ ਨੇ ਆਪਣੀ ਆਡੀਓ ਵਿੱਚ ਵੀ ਸਾਰੀ ਘਟਨਾ ਬਿਆਨ ਕੀਤੀ ਹੈ।
ਰਾਜਸਥਾਨ, ਕੇਰਲ ਅਤੇ ਛੱਤੀਸਗੜ੍ਹ ਦੇ ਵਿਦਿਆਰਥੀਆਂ ਨੇ ਵੀ ਵੀਡੀਓ ਰਾਹੀਂ ਇਸ ਬੁਰੇ ਵਰਤਾਓ ਬਾਰੇ ਦੱਸਿਆ।