- ਕਮਿਸ਼ਨ ਪੀੜਤਾਂ ਨੂੰ ਸਰਕਾਰੀ ਨੌਕਰੀ ਅਤੇ ਬਜੁਰਗਾਂ ਨੂੰ ਪੈਨਸ਼ਨ ਯਕੀਨੀ ਬਣਾਏਗਾ : ਸਾਂਪਲਾ
- ਪੰਜਾਬ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਢਿੱਲ ’ਤੇ ਨਾਖੁਸ਼ੀ ਜ਼ਾਹਿਰ ਕੀਤੀ
ਮੋਗਾ/ਸੰਗਰੂਰ, 25 ਮਾਰਚ 2021 – ਅਨੁਸੂਚਿਤ ਜਾਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਪੰਜਾਬ ਵਿਚ ਦੋ ਵੱਖ ਵੱਖ ਦਲਿਤ ਪਰਿਵਾਰਾਂ ਉਪਰ ਹੋਏ ਅਤਿਆਚਾਰਾਂ ਦਾ ਆਪਣੇ ਤੌਰ ’ਤੇ ਨੋਟਿਸ ਲੈਂਦਿਆਂ ਮੋਗਾ ਅਤੇ ਸੰਗਰੂਰ ਵਿਚ ਪੀੜਤ ਪਰਿਵਾਰਾਂ ਨੂੰ ਮਿਲੇ। ਸ਼੍ਰੀ ਸਾਂਪਲਾ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਬਾਰੇ ਕਾਨੂੰਨ ਤਹਿਤ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਉਨਾਂ ਕਿਹਾ ਕਿ ਬਜੁਰਗਾਂ ਨੂੰ ਪੈਨਸ਼ਨ ਤੋਂ ਇਲਾਵਾ ਪਰਿਵਾਰ ਦੇ ਯੋਗ ਮੈਂਬਰਾਂ ਨੂੰ ਨੌਕਰੀ ਅਤੇ ਗਰੈਜੂਏਸ਼ਨ ਤੱਕ ਮੁਫਤ ਪੜਾਈ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਨਿਯਮਾਂ ਅਨੁਸਾਰ ਪਰਿਵਾਰਾਂ ਨੂੰ ਵਾਈਯੋਗ ਜਮੀਨ ਵੀ ਦਿੱਤੀ ਜਾਵੇ।
ਮੋਗਾ ਜਿਲੇ ਦੇ ਸੇਖਾ ਖੁਰਦ ਪਿੰਡ ’ਚ ਪੀੜਤ ਪਰਿਵਾਰ ਨਾਲ ਗੱਲਬਾਤ ਕਰਦਿਆਂ, ਜਿਸ ਦੀਆਂ 2 ਕੁੜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਸ਼੍ਰੀ ਸਾਂਪਲਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਦੇ ਦੁਖੜੇ ਸੁਣਦਿਆਂ ਸ਼੍ਰੀ ਸਾਂਪਲਾ ਨੇ ਵਿਸ਼ਵਾਸ ਦੁਆਇਆ ਕਿ ਉਨਾਂ ਨੂੰ ਛੇਤੀ ਇਨਸਾਫ ਮਿਲੇਗਾ। ਦੋਵੇਂ ਸਕੀਆਂ ਭੈਣਾਂ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਲਾਇਆ ਜਾਵੇ।
ਸੰਗਰੂਰ ਜਿਲੇਂ ਦੇ ਭਸੌੜ ਪਿੰਡ ’ਚ ਚਾਰ ਬੱਚਿਆਂ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ’ਤੇ ਤਸੀਹੇ ਦੇਣ ਦੀ ਘਟਨਾ, ਜਿਨਾਂ ’ਚ ਇਕ ਬੱਚਾ ਦਲਿਤ ਪਰਿਵਾਰ ਨਾਲ ਸਬੰਧਤ ਸੀ ਦਾ ਨੋਟਿਸ ਲੈਂਦਿਆਂ ਸ਼੍ਰੀ ਸਾਂਪਲਾ ਪਿੰਡ ’ਚ ਪੀੜਤ ਪਰਿਵਾਰ ਨੂੰ ਮਿਲੇ। ਉਨਾਂ ਇਸ ਮੰਦਭਾਗੀ ਘਟਨਾ ’ਤੇ ਅਫਸੋਸ ਜ਼ਾਹਿਰ ਕੀਤਾ। ਉਨਾਂ ਨੇ ਇਹ ਅਨੁਮਨੁੱਖੀ ਕੰਮ ਕਰਨ ਵਾਲਿਆਂ ਦੀ ਕਰੜੀ ਨੁਕਤਾਚੀਨੀ ਕੀਤੀ ਅਤੇ ਉਨਾਂ ਖਿਲਾਫ ਸਖਤ ਕਾਰਵਾਈ ਦਾ ਵਿਸ਼ਵਾਸ ਦੁਆਇਆ। ਸ਼੍ਰੀ ਸਾਂਪਲਾ ਨੇ ਪੁਲੀਸ ਤੋਂ ਪੂਰੀ ਘਟਨਾ ਦੀ ਤਫਸੀਲ ਵੀ ਹਾਸਲ ਕੀਤੀ।
ਸਾਂਪਲਾ ਨੇ ਦੋਵੇਂ ਪੀੜਤ ਪਰਿਵਾਰਾਂ ਨੂੰ ਭਰੋਸਾ ਦੁਆਇਆ ਕਿ ਉਨਾਂ ਨੂੰ ਇਨਸਾਫ ਦੁਆਇਆ ਜਾਵੇਗਾ। ਮੱਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਾਂਪਲਾ ਨੇ ਪੰਜਾਬ ਪੁਲਿਸ ਵੱਲੋਂ ਇਨਾਂ ਘਟਨਾਵਾਂ ਪ੍ਰਤੀ ਵਿਖਾਈ ਗਈ ਉਦਾਸੀਨਤਾ ਅਤੇ ਢਿੱਲ ਉਪਰ ਨਾਖੁਸ਼ੀ ਜ਼ਾਹਿਰ ਕੀਤੀ। ਉਨਾਂ ਕਿਹਾ ਕਿ ਮੋਗਾ ਅਤੇ ਸੰਗਰੂਰ ਪੁਲਿਸ ਨੂੰ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰ ਕੇ ਪੀੜਤਾਂ ਨੂੰ ਇਨਸਾਫ ਦੇਣ ਲਈ ਹਦਾਇਤ ਕੀਤੀ ਗਈ ਹੈ।
ਕਾਬਿਲ ਏ ਗੌਰ ਹੈ ਕਿ 18 ਮਾਰਚ ਨੂੰ ਇਕ ਘਿਨਾਉਣੀ ਘਟਨਾ ਵਿਚ ਸੇਖਾ ਖੁਰਦ ਦੇ ਢਾਬਾ ਵਰਕਰ ਦੀਆਂ ਦੋ ਧੀਆਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਗੁਰਵੀਰ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਸੀ, ਜੋ ਕਾਂਗਰਸੀ ਸਰਪੰਚ ਦਾ ਪੁੱਤਰ ਹੈ। ਦੂਜੀ ਘਟਨਾ ਵਿਚ ਸੰਗਰੂਰ ਜਿਲੇ ਦੇ ਭਸੌੜ ਪਿੰਡ ’ਚ ਸਰਪੰਚ ਨੇ 11 ਤੋਂ 13 ਸਾਲ ਦੇ ਚਾਰ ਮੁੰਡਿਆਂ ਦੀ ਕੁੱਟਮਾਰ ਕੀਤੀ ਸੀ ਅਤੇ ਉਨਾਂ ਦੇ ਹੱਥ ਬੰਨ ਕੇ ਉਨਾਂ ਨੂੰ ਪਿੰਡ ’ਚ ਘੁਮਾਇਆ ਸੀ।