ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗਾ – ਕੈਪਟਨ ਅਮਰਿੰਦਰ

ਚੰਡੀਗੜ੍ਹ, 18 ਮਾਰਚ 2021 – ਅਕਤੂਬਰ, 2020 ਵਿੱਚ ਕਿਸਾਨਾਂ ਦਾ ਅੰਦੋਲਨ ਭਖ ਜਾਣ ਦੇ ਸਮੇਂ ਤੋਂ ਸਰਹੱਦ ਪਾਰੋਂ ਡਰੋਨਾਂ ਦੀ ਹਲਚਲ ਵਿੱਚ ਤੇਜ਼ੀ ਆਉਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ,”ਜਦੋਂ ਤੱਕ ਮੈਂ ਇੱਥੇ ਹਾਂ, ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਜਾਂ ਹੋਰ ਕਿਸੇ ਅੱਤਵਾਦੀ ਗਤੀਵਿਧੀ ਨੂੰ ਸੂਬੇ ਦੇ ਅਮਨ-ਚੈਨ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦੇਵਾਂਗਾ।”
ਕੌਮੀ ਸੁਰੱਖਿਆ ਦੇ ਖ਼ਤਰੇ ਦੀ ਧਾਰਨਾ ਨੂੰ ਹਕੀਕਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੰਭੀਰ ਮੁੱਦੇ ‘ਤੇ ਵਿਚਾਰ ਕਰਨ ਲਈ ਕਿਸਾਨ ਅੰਦੋਲਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਕੇਂਦਰੀ ਬਲਾਂ ਨੂੰ ਡਰੋਨ ਲੱਭਣ ਅਤੇ ਡੇਗਣ ਲਈ ਢੁਕਵਾਂ ਸਾਜ਼ੋ-ਸਾਮਾਨ ਮੁਹੱਈਆ ਕਿਉਂ ਨਹੀਂ ਕਰਵਾਇਆ ਜਾ ਸਕਦਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਖਾਲਿਸਤਾਨੀ ਸਫ਼ਾਂ ਸਰਗਰਮ ਨਹੀਂ ਹਨ ਪਰ ਉਨ੍ਹਾਂ ਨੂੰ ਡਰੋਨਾਂ ਜ਼ਰੀਏ ਹਥਿਆਰ ਦਿੱਤੇ ਜਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਗੜਬੜ ਪੈਦਾ ਕਰਨ ਲਈ ਸਰਗਰਮ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਲਹਿਰ ਦਾ ਲੱਕ ਤੋੜ ਦੇਣ ਦਾ ਅਹਿਦ ਲਿਆ।
ਆਪਣੀ ਸਰਕਾਰ ਦੇ ਚਾਰ ਵਰ੍ਹੇ ਪੂਰੇ ਕਰ ਲੈਣ ‘ਤੇ ਮੀਡੀਆ ਕਰਮੀਆਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਰਹੱਦ ‘ਤੇ ਕਿਸੇ ਤਰ੍ਹਾਂ ਦੀ ਸੰਨ੍ਹ ਦਾ ਮਤਲਬ ਕੌਮੀ ਸੁਰੱਖਿਆ ਵਿੱਚ ਸੰਨ੍ਹ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਹੱਦ ਨੇੜਿਓਂ ਵੱਡੀ ਗਿਣਤੀ ਵਿੱਚ ਹਥਿਆਰ ਫੜੇ ਗਏ ਹਨ ਪਰ ਚਿੰਤਾ ਉਨ੍ਹਾਂ ਹਥਿਆਰਾਂ ਬਾਰੇ ਹੈ, ਜੋ ਫੜੇ ਨਹੀਂ ਗਏ। ਉਨ੍ਹਾਂ ਕਿਹਾ,”ਮੈਂ ਇਸ ਗੱਲ ਤੋਂ ਫਿਕਰਮੰਦ ਹਾਂ ਕਿ ਉਹ ਹਥਿਆਰ ਗਏ ਕਿੱਥੇ।”

ਮਾਰਚ, 2017 ਵਿੱਚ ਉਨ੍ਹਾਂ ਦੀ ਸਰਕਾਰ ਆਉਣ ਤੋਂ ਲੈ ਕੇ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੇ ਵੇਰਵੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ 333 ਗ੍ਰੋਹ ਫੜੇ ਗਏ ਜਦਕਿ 3472 ਅੱਤਵਾਦੀ/ਗੈਂਗਸਟਰ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ 10 ਡਰੋਨ ਚੁੱਕੇ ਗਏ ਹਨ ਅਤੇ ਇਸ ਤੋਂ ਇਲਾਵਾ 2000 ਤੋਂ ਵੱਧ ਹਥਿਆਰ (ਰਾਈਫਲਾਂ, ਰਿਵਾਲਵਰ, ਪਿਸਤੌਲ ਆਦਿ ਸਮੇਤ), ਹੈਂਡ ਗ੍ਰਨੇਡ, ਆਰ.ਡੀ.ਐਕਸ. ਅਤੇ ਹੋਰ ਧਮਾਕਾਖੇਜ਼ ਸਮੱਗਰੀ, ਵਾਕੀ-ਟਾਕੀ ਅਤੇ ਸੈਟੇਲਾਈਟ ਫੋਨ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 11000 ਗੋਲੀ-ਸਿੱਕਾ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਰਗੇ ਛੋਟੇ ਸੂਬੇ ਲਈ ਇਹ ਗਿਣਤੀ ਥੋੜ੍ਹੀ ਨਹੀਂ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਅਮਰਿੰਦਰ ਨੇ ਸਿਰਜਿਆ ਨਵਾਂ ਨਰੋਆ ਪੰਜਾਬ – ਧਰਮਸੋਤ

‘ਅਮਰਿੰਦਰ ਭਾਰਤ ਲਈ ਭਾਰਤੀਆਂ ਦੇ ਹੱਕ ਵਿੱਚ ਖੜ੍ਹਾ’: ਮੁੱਖ ਮੰਤਰੀ