ਫ਼ਿਰੋਜ਼ਪੁਰ, 15 ਅਪ੍ਰੈਲ 2021- ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਪਿਛਲੇ ਤਿੰਨ ਸਾਲ ਤੋਂ ਸ਼ਰੀਕੇ ਵਿਚ ਚੱਲ ਰਹੇ ਜ਼ਮੀਨੀ ਵਿਵਾਦ ‘ਚ ਭਰਾ ਵੱਲੋਂ ਚਚੇਰੇ ਭਰਾ ਨੂੰ ਗੋਲੀ ਮਾਰ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਿ ਇਸ ਹਮਲੇ ‘ਚ ਮ੍ਰਿਤਕ ਦਾ ਲੜਕਾ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਚਾਚੇ ਨਾਲ ਜ਼ਮੀਨੀ ਵਿਵਾਦ ਚਾਲ ਰਿਹਾ ਹੈ ਅਤੇ ਚਾਚਾ ਜ਼ਮੀਨ ‘ਤੇ ਕਬਜ਼ਾ ਕਰਨ ਲਈ ਲਗਾਤਾਰ ਉਨ੍ਹਾਂ ਤੇ ਜਾਨਲੇਵਾ ਹਮਲੇ ਕਰਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਬੁੱਧਵਾਰ ਦੀ ਦੇਰ ਸ਼ਾਮ ਨੂੰ ਉਸ ਦਾ ਭਰਾ ਮਹਿੰਦਰ ਸਿੰਘ ਅਤੇ ਉਸ ਦਾ ਭਤੀਜਾ ਦਵਾਈ ਲੈਣ ਲਈ ਪੰਜੇ ਕੇ ਉਤਾਡ਼ ਵਿਖੇ ਜਾ ਰਹੇ ਸਨ ਤਾਂ ਪਿੰਡ ਰੁਕਨਾ ਬੋਦਲਾ ਵਿਖੇ ਪੁੱਜਣ ਤੇ ਉਸ ਦੇ ਚਾਚੇ ਗੁਰਦੇਵ ਨੇ ਆਪਣੇ ਪੁੱਤਰ ਸੁਖਵਿੰਦਰ,ਜਸਵਿੰਦਰ ਅਤੇ ਆਪਣੇ ਹੋਰ ਦਰਜਨ ਭਰ ਸਾਥੀਆਂ ਨੂੰ ਨਾਲ ਲੈਕੇ ਉਸ ਦੇ ਭਰਾ ਤੇ ਭਤੀਜੇ ਉਪਰ ਗੋਲੀ ਚਲਾ ਦਿੱਤੀ ਜਿਸ ਹਮਲੇ ਵਿੱਚ ਗੋਲੀ ਲੱਗਣ ਨਾਲ ਉਸ ਦੇ ਭਰਾ ਮਹਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।
ਗੁਰੂਹਰਸਹਾਏ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।