… ਕੈਪਟਨ ਦੇ ਸ਼ਾਸਨਕਾਲ ਵਿੱਚ ਪੰਜਾਬ ਅੰਦੋਲਨ ਦਾ ਕੇਂਦਰ ਬਣਿਆ
… ਕੈਪਟਨ ਨੇ ਅੰਦੋਲਨਕਾਰੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੁਝ ਨਹੀਂ ਕੀਤਾ : ਬਲਜਿੰਦਰ ਕੌਰ
ਚੰਡੀਗੜ੍ਹ/ਬਠਿੰਡਾ, 13 ਮਾਰਚ 2021 – ਆਂਗਣਵਾੜੀ ਵਰਕਰਾਂ ਉਤੇ ਵਿਰੋਧ ਪ੍ਰਦਰਸ਼ਨ ਕਰਦੇ ਸਮੇਂ ਬਲ ਦੀ ਵਰਤੋਂ ਕੀਤੇ ਜਾਣ ਦੀ ਘਟਨਾ ਨੂੰ ਆਮ ਆਦਮੀ ਪਾਰਟੀ ਨੇ ਸ਼ਰਮਨਾਕ ਦੱਸਿਆ ਅਤੇ ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕੀਤੀ। ਸ਼ੁੱਕਰਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਆਗੂ ਅਤੇ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਉਤੇ ਬਲ ਦੀ ਵਰਤੋਂ ਕਰਨਾ ਬੇਹੱਦ ਸ਼ਰਮਨਾਕ ਹੈ। ਬਜਟ ਵਿੱਚ ਮਹਿਲਾਵਾਂ ਲਈ ਯੋਜਨਾਵਾਂ ਜਾਰੀ ਕਰਨ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਉਨ੍ਹਾਂ ਦੇ ਅੰਦੋਲਨ ਨੂੰ ਦਬਾਉਣ ਲਈ ਬਲ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਉੱਤੇ ਜਦੋਂ ਆਂਗਣਵਾੜੀ ਵਰਕਰਾਂ ਆਪਣਾ ਬਕਾਇਆ ਵੇਤਨ ਲਈ ਸਰਕਾਰ ਦਾ ਵਿਰੋਧ ਕਰ ਰਹੀਆਂ ਸਨ, ਤਾਂ ਉਨ੍ਹਾਂ ਮਹਿਲਾਵਾਂ ਉਤੇ ਲਾਠੀਆਂ ਚਲਾਈਆਂ ਗਈਆਂ। ਇਸ ਤੋਂ ਪਤਾ ਚਲਦਾ ਹੈ ਕਿ ਕੈਪਟਨ ਅਤੇ ਉਨ੍ਹਾਂ ਦੀ ਸਰਕਾਰ ਕੋਲ ਸ਼ਰਮ ਨਾਮ ਦੀ ਕੋਈ ਚੀਜ ਨਹੀਂ ਹੈ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰ ਬਹੁਤ ਲੰਬੇ ਸਮੇਂ ਤੋਂ ਆਪਣੇ ਬਕਾਇਆ ਵੇਤਨ ਦੀ ਮੰਗ ਕਰ ਰਹੀਆਂ ਹਨ, ਪ੍ਰੰਤੂ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ। ਇਸਦੀ ਬਜਾਏ ਜ਼ੁਮਲੇਬਾਜ਼ੀ ਵਾਲੀਆਂ ਯੋਜਨਾਵਾਂ ਪੇਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਉਹ ਮਹਿਲਾਵਾਂ ਦੇ ਹਿੱਤ ਵਾਲੀਆਂ ਯੋਜਨਾਵਾਂ ਕਹਿੰਦੇ ਹਨ, ਪ੍ਰੰਤੂ ਅਸਲ ਵਿੱਚ ਅਜਿਹੀਆਂ ਯੋਜਨਾਵਾਂ ਇਕ ਤਰ੍ਹਾਂ ਦਾ ਜੁਮਲਾ ਹੈ। ਜਦੋਂ ਸੂਬੇ ਦੀਆਂ ਮਹਿਲਾਵਾਂ ਨੇ ਆਪਣੀਆਂ ਅਸਲ ਮੰਗਾਂ ਨੂੰ ਸਾਹਮਣੇ ਰੱਖਿਆ ਤਾਂ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਬਲ ਦੇ ਜੋਰ ਨਾਲ ਕੁਚਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨ ਵਿੱਚ ਪੰਜਾਬ ਵਿਰੋਧ ਪ੍ਰਦਰਸ਼ਨਾਂ ਦੀ ਰਾਜਧਾਨੀ ਬਣ ਗਿਆ ਹੈ। ਕਿਸਾਨ ਅੰਦੋਲਨ ਤੋਂ ਲੈ ਕੇ ਆਂਗਣਵਾੜੀ ਵਰਕਰਾਂ ਤੱਕ, ਪੂਰੇ ਪੰਜਾਬ ਦੇ ਲੋਕ ਆਪਣੇ ਹੱਕ ਲਈ ਸੜਕਾਂ ਉੱਤੇ ਹਨ, ਪ੍ਰੰਤੂ ਕੈਪਟਨ ਅਮਰਿੰਦਰ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਉਤੇ ਅੱਤਿਆਚਾਰ ਕਰਨ ਵਾਲੀ ਕੈਪਟਨ ਸਰਕਾਰ ਨੂੰ ਲੋਕ 2022 ਦੀਆਂ ਚੋਣਾਂ ਵਿੱਚ ਬਾਹਰ ਦਾ ਰਸਤਾ ਦਿਖਾਉਣਗੇ।