… ਬਾਦਲਾਂ ਨਾਲ ਰਲ ਕੇ ਕੈਪਟਨ ਨੇ ਰੱਦ ਕਰਾਈ ਸਿਟ ਦੀ ਜਾਂਚ ਰਿਪੋਰਟ
… ਲੋਕ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰਨ ਵਾਲਿਆਂ ਤੇ ਪੰਥ ਦੇ ਹਿਤੈਸ਼ੀ ਹੋਣ ਦਾ ਪਖੰਡ ਕਰਨ ਵਾਲਿਆਂ ਤੋਂ ਜ਼ਰੂਰ ਹਿਸਾਬ ਲੈਣਗੇ
ਚੰਡੀਗੜ੍ਹ, 25 ਅਪ੍ਰੈਲ 2021- ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਟੀਮ ਦੀ ਰਿਪੋਰਟ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤਾ ਫ਼ੈਸਲਾ ਅਕਾਲੀ ਦਲ ਬਾਦਲ ਨੂੰ ਨਿਰਦੋਸ਼ ਸਾਬਤ ਨਹੀਂ ਕਰਦਾ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਫ਼ੈਸਲੇ ਦੀ ਆੜ ਵਿੱਚ ਅਕਾਲੀ ਦਲ ਬਾਦਲ ’ਤੇ ਲੱਗੇ ਬੇਅਦਬੀ ਅਤੇ ਸਿੱਖਾਂ ਦੀ ਮੌਤ ਦੇ ਦਾਗ਼ ਧੋ ਰਹੀ ਹੈ।
ਪਾਰਟੀ ਦੇ ਚੰਡੀਗੜ ਸਥਿਤ ਮੁੱਖ ਦਫ਼ਤਰ ਤੋਂ ਐਤਵਾਰ ਨੂੰ ਬਿਆਨ ਜਾਰੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਸਾਲ 2015 ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਇੱਕ ਗਿਣੀ ਮਿਥੀ ਸਾਜਿਸ਼ ਅਧੀਨ ਕੀਤੀ ਗਈ ਅਤੇ ਸਰਕਾਰ ਦੇ ਹੁੱਕਮਾਂ ’ਤੇ ਅਣਜਾਣੀ ਪੁਲੀਸ ਨੇ ਬੇਅਦਬੀ ਵਿਰੁੱਧ ਰੋਸ ਪ੍ਰਗਟ ਰਹੇ ਸਿੱਖਾਂ ਦੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੀ ਸੱਤਾ ਵਿੱਚ ਆ ਕੇ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਵੇਗਾ।
ਚੀਮਾ ਨੇ ਕਿਹਾ ਕੈਪਟਨ ਨੇ ਰਾਜਸੱਤਾ ਸਾਂਭਦਿਆਂ ਹੀ ਇਸ ਮਾਮਲੇ ’ਚ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਹੀ ਕੰਮ ਕੀਤਾ ਕਿਉਂਕਿ ਕੈਪਟਨ ਸਰਕਾਰ ਦਾ ਚਾਰ ਸਾਲਾਂ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ, ਪਰ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ। ਸਗੋਂ ਕੈਪਟਨ ਨੇ ਆਪ ਹੀ ਇੱਕ ਵਿਸ਼ੇਸ ਜਾਂਚ ਟੀਮ ਬਣਾਈ ਅਤੇ ਫਿਰ ਉਸੇ ਹੀ ਜਾਂਚ ਟੀਮ ਦੀ ਰਿਪੋਰਟ ਨੂੰ ਆਪਣੇ ਐਡਵੋਕੇਟ ਜਨਰਲ ਅਤੁਲ ਨੰਦਾ ਰਾਹੀਂ ਹਾਈ ਕੋਰਟ ਵਿੱਚ ਰੱਦ ਕਰਵਾ ਦਿੱਤਾ। ਉਨਾਂ ਕਿਹਾ ਕਿ ਇਸ ਸਾਰੇ ਵਰਤਾਰੇ ਤੋਂ ਪਤਾ ਚੱਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਾਦਲ ਪਰਿਵਾਰ ਨਾਲ ਰਲੀ ਹੋਈ ਅਤੇ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਦੇ ਪੱਖ ਨੂੰ ਕਮਜ਼ੋਰ ਕਰਕੇ ਬਾਦਲਾਂ ’ਤੇ ਲੱਗੇ ਬੇਅਦਬੀ ਅਤੇ ਗੋਲੀ ਕਾਂਡ ਦੇ ਦਾਗ਼ ਧੋ ਰਿਹਾ ਹੈ।
ਚੀਮਾ ਨੇ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਨਾਂ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਫ਼ੈਸਲੇ ਨੂੰ ਡਬਲ ਬੈਂਚ ਕੋਲ ਚੁਣੌਤੀ ਕਿਉਂ ਨਹੀਂ ਦਿੱਤੀ? ਸਗੋਂ ਸੁਪਰੀਮ ਕੋਰਟ ਜਾਣ ਦੀਆਂ ਗੱਲਾਂ ਕਰਕੇ ਅਮਰਿੰਦਰ ਸਿੰਘ ਆਪਣੀ ਸਰਕਾਰ ਦਾ ਸਮਾਂ ਪੂਰਾ ਕਰ ਰਿਹਾ ਹੈ। ਉਨਾਂ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਕਿਹਾ ਕਿ ਉਹ ਵੀ ਜ਼ਿਆਦਾ ਖ਼ੁਸ਼ ਨਾ ਹੋਣ ਕਿਉਂਕਿ ਇਨਸਾਫ਼ ਦੀ ਪ੍ਰਾਪਤੀ ਲਈ ਹਾਈਕੋਰਟ ਦੇ ਡਬਲ ਬੈਂਚ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੜਾਈ ਲੜੀ ਜਾਵੇਗੀ।
ਚੀਮਾ ਨੇ ਕਿਹਾ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਗੱਲਾਂ ਤਾਂ ਪੰਜਾਬ ਨੂੰ ਕੈਲੋਫੋਰਨੀਆਂ ਜਾਂ ਪੈਰਿਸ ਬਣਾਉਣ ਦੀਆਂ ਕਰਦੇ ਸਨ, ਪਰ ਦੋਵਾਂ ਨੇ ਰਲ਼ਮਿਲ ਕੇ ਪੰਜਾਬ ਦੇ ਸਾਧਨਾਂ ਨੂੰ ਲੁੱਟਿਆ ਅਤੇ ਲੋਕਾਂ ਨੂੰ ਕੁੱਟਿਆ ਹੈ। ਪੰਜਾਬ ਦੇ ਲੋਕ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰਨ ਵਾਲੇ ਕਾਂਗਰਸੀਆਂ ਅਤੇ ਪੰਥ ਦੇ ਹਿਤੈਸ਼ੀ ਹੋਣ ਦਾ ਪਖੰਡ ਕਰਨ ਵਾਲੇ ਬਾਦਲਾਂ ਤੋਂ 2022 ਵਿੱਚ ਜ਼ਰੂਰ ਹਿਸਾਬ ਲੈਣਗੇ।