…ਯੂਥ ਵਿੰਗ ਦੀ ਉਪ ਪ੍ਰਧਾਨ ਅਨਮੋਲ ਗਗਨ ਮਾਨ ਮੋਹਾਲੀ ਵਿਖੇ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚੀ, 2022 ਦੀਆਂ ਚੋਣਾਂ ਵਿੱਚ ਪੰਜਾਬ ਵਾਸੀ ਕੈਪਟਨ ਸਰਕਾਰ ਤੋਂ ਹਿਸਾਬ ਜਰੂਰ ਲੈਣਗੇ
ਚੰਡੀਗੜ੍ਹ, 16 ਜੂਨ 2021 – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕੱਚੇ ਅਧਿਆਪਕਾਂ ਵੱਲੋਂ ਅੱਜ ਸ਼ੁਰੂ ਕੀਤੇ ਆਰ-ਪਾਰ ਦੇ ਸੰਘਰਸ਼ ‘ਤੋਂ ਫਿਕਰ ਮਹਿਸੂਸ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਕਿਸੇ ਅਣਕਿਆਸੇ ਵੱਡੇ ਹਾਦਸੇ ਦੀ ਉਡੀਕ ਕੀਤੇ ਬਿਨਾ ਤਕਰੀਬਨ ਡੇਢ ਦਹਾਕੇ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਿਗੁਣੀਆਂ ਤਨਖਾਹਾਂ ‘ਤੇ ਕੰਮ ਕਰਦੇ ਆ ਰਹੇ ਅਧਿਆਪਕਾਂ ਨੂੰ ਫੌਰੀ ਰੈਗੂਲਰ ਕੀਤਾ ਜਾਵੇ। ਚੀਮਾ ਨੇ ਇਹ ਵਿਚਾਰ ਕੱਚੇ ਅਧਿਆਪਕਾਂ ਵੱਲੋਂ ਆਪਣੀ ਮੰਗ ਨੂੰ ਲਗਾਤਾਰ ਅੱਖੋਂ ਪਰੋਖੇ ਕਰਨ ਤੋਂ ਖਫ਼ਾ ਹੋ ਕੇ ਅੱਜ ਮੁਹਾਲੀ ‘ਚ ਸਿੱਖਿਆ ਵਿਭਾਗ ਦੀ ‘ਤੇ ਚੜ੍ਹਕੇ ਆਤਮਦਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ਤੇ ਟਿੱਪਣੀ ਕਰਦਿਆਂ ਪ੍ਰਗਟ ਕੀਤੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਪ੍ਰੋਵਾਈਡਰ, ਏਆਈਈ, ਈਜੀਐਸ, ਐਸਟੀਆਰ, ਵਗੇਰਾ ਕੱਚੇ ਅਧਿਆਪਕਾਂ ਨੇ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਸਰਕਾਰੀ ਸਕੂਲਾਂ ਨੂੰ ਦਿੱਤਾ ਅਤੇ ਮਹਿਜ਼ 5 ਹਜ਼ਾਰ ਤੋਂ 10 ਹਜ਼ਾਰ ਤੱਕ ਤਨਖਾਹਾਂ ‘ਤੇ ਕੰਮ ਕੀਤਾ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਇੰਨ੍ਹਾਂ ਅਧਿਆਪਕਾਂ ਦੇ ਪੱਲ੍ਹੇ ਲਾਰੇ ਹੀ ਪਏ ਅਤੇ ਹੁਣ ਪੰਜਾਬ ਦੀ ਕੈਪਟਨ ਸਰਕਾਰ ਹੱਕੀ ਮੰਗ ਰੈਗੂਲਰ ਕਰਨਾ ਤਾਂ ਦੂਰ ਸਗੋਂ ਪਿਛਲੇ ਲੰਬੇ ਸਮੇਂ ਤੋਂ ਮੀਟਿੰਗ ਕਰਨ ਤੋਂ ਵੀ ਕੰਨੀ ਕਤਰਾਅ ਰਹੀ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵਾਅਦਾ ਯਾਦ ਕਰਵਾਉਂਦਿਆਂ ਕਿਹਾ ਕਿ ਉਸ ਸਮੇਂ ਦੇ ਅਖਬਾਰ ਤੇ ਅਧਿਆਪਕਾਂ ਕੋਲ ਮੁੱਖ ਮੰਤਰੀ ਦੇ ਬਿਆਨਾਂ ਦੀ ਸੀਡੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁਹਾਲੀ ਦੇ ਧਰਨੇ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਉਹ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨਗੇ ਕਿਉਂਕਿ ਇੰਨ੍ਹਾਂ ਅਧਿਆਪਕਾਂ ਦੀ ਤਨਖਾਹ ਉਨ੍ਹਾਂ ਦੇ ਆਪਣੇ ਮਾਲੀ ਦੀ ਤਨਖਾਹ ਨਾਲੋਂ ਘੱਟ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸੰਘਰਸ਼ ਨੂੰ ਹਿੰਸਕ ਨਾ ਹੋਣ ਦੇਣ ਤੇ ਸ਼ਾਂਤਮਈ ਰੱਖਣ ਕਿਉਕਿ ਉਹ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਉਨ੍ਹਾਂ ਦੀ ਮੰਗ ਨੂੰ ਡਟਕੇ ਵਿਧਾਨ ਸਭਾ ਵਿੱਚ ਰੱਖਣਗੇ।
ਇਸੇ ਦੌਰਾਨ ਆਪ ਦੇ ਯੂਥ ਵਿੰਗ ਦੀ ਉਪ ਪ੍ਰਧਾਨ ਅਨਮੋਲ ਗਗਨ ਮਾਨ ਅਧਿਆਪਕਾਂ ਦੇ ਧਰਨੇ ਵਾਲੀ ਥਾਂ ਪਹੁੰਚੇ ਉਨ੍ਹਾਂ ਨੂੰ ਪਾਰਟੀ ਦਾ ਸਮਰਥਨ ਦਿੱਤਾ। ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ‘ਚ ਕੀਤੇ ਵਾਅਦਿਆਂ ਤੋਂ ਮੁਕਰਦਿਆਂ ਅਧਿਆਪਕਾਂ ‘ਤੇ ਅੱਤਿਆਚਾਰ ਹੀ ਕੀਤੇ ਹਨ, ਸਗੋਂ ਕਾਂਗਰਸ ਸਰਕਾਰ ਨੇ ਨਾ ਤਾਂ ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਅਤੇ ਨਾ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਿਆਂ ਤੋਂ ਮੁਕਰਨ ਦਾ ਹਿਸਾਬ ਜਰੂਰ ਲੈਣਗੇ ਅਤੇ ਸੱਤਾ ਤੋਂ ਬਾਹਰ ਕਰਕੇ ਕਰਾਰਾ ਜਵਾਬ ਦੇਣਗੇ। ਆਮ ਆਦਮੀ ਪਾਰਟੀ ਰੋਜਗਾਰ ਲਈ ਸੰਘਰਸ ਕਰ ਰਹੇ ਨੌਜਵਾਨਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਨੌਜਵਾਨਾਂ ਵੱਡੀ ਗਿਣਤੀ ਵਿੱਚ ਰੋਜਗਾਰ ਦੇਵੇਗੀ।