ਪੰਜਾਬ ‘ਚ ਦਿਨੋਂ ਦਿਨ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਲਈ ਕੈਪਟਨ ਅਮਰਿੰਦਰ ਜ਼ਿੰਮੇਵਾਰ : ਮੀਤ ਹੇਅਰ

… ਜੇਕਰ ਕਾਂਗਰਸ ਦੇ ਅਹੁਦੇਦਾਰ ਹੀ ਪੰਜਾਬ ਵਿੱਚ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ
… ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ਨੂੰ ਮਾਰ-ਧਾੜ ਦੇ ਮਾਹੌਲ ‘ਚ ਧੱਕਿਆ ਜਾ ਰਿਹਾ
… ਲੁੱਟ-ਖੋਹ, ਕਾਤਲ, ਨਸ਼ਾ ਤਸਕਰੀ ਦੇ ਰੋਜ਼ਾਨਾ ਵਧ ਰਹੇ ਹਨ ਮਾਮਲੇ

ਚੰਡੀਗੜ੍ਹ, 20 ਫਰਵਰੀ 2021 – ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਦਿਨੋਂ ਦਿਨ ਖਰਾਬ ਹੋ ਰਹੀ ਕਾਨੂੰਨ ਵਿਵਸਥਾ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਸੂਬੇ ‘ਚ ਜੰਗਲ ਰਾਜ ਚੱਲ ਰਿਹਾ ਹੈ। ਪਾਰਟੀ ਹੈੱਡ ਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਗ੍ਰਹਿ ਮੰਤਰੀ ਵੀ ਹਨ ਰਾਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਫੇਲ੍ਹ ਹੋਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਫਰੀਦਕੋਟ ਵਿੱਚ ਦਿਨ ਦਿਹਾੜੇ ਯੂਥ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਭੁੱਲਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਕੈਪਟਨ ਸਰਕਾਰ ਦੇ ਫੇਲ੍ਹ ਹੋਣ ਦਾ ਸਿੱਟਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਸ ਪਾਰਟੀ ਦੀ ਸਰਕਾਰ ਹੋਵੇ ਉਸੇ ਪਾਰਟੀ ਦੇ ਆਗੂ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਆਮ ਵਿਅਕਤੀਆਂ ਕਿਸ ਪੱਖੋਂ ਸੁਰੱਖਿਅਤ ਹੋ ਸਕਦੇ ਹਨ। ਉਨ੍ਹਾਂ ਕਿਹਾ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਪਿਛਲੇ ਸਮੇਂ ਦੌਰਾਨ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਪਰ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਦਿਨੋਂ ਦਿਨ ਚੋਰੀ, ਲੁੱਟ ਖੋਹ, ਕਾਤਲ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਵੱਡੀ ਗਿਣਤੀ ਅਪਰਾਧਾਂ ਦਾ ਰੋਜ਼ਾਨਾ ਅੰਕੜਾ ਵਧ ਰਿਹਾ ਹੈ, ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਇਸ ਤੋਂ ਬੇਖਬਰ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਬਣਨ ਲਈ ਮੁੱਖ ਮੰਤਰੀ ਸਿੱਧੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੇਖਿਆ ਜਾਵੇ ਤਾਂ ਜੋ ਪੰਜਾਬ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਫੜ੍ਹੇ ਗਏ ਹਨ ਉਨ੍ਹਾਂ ਦੀਆਂ ਮੁੱਖ ਮੰਤਰੀ ਦਫ਼ਤਰ ਦੇ ਨਾਲ ਸਿੱਧਾ ਨਾਮ ਜੁੜਦਾ ਸਾਹਮਣੇ ਆਇਆ ਹੈ। ਪਿਛਲੇ ਦਿਨੀਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲੁੱਟਣ ਦੇ ਲਈ ਜਿਸ ਤਰ੍ਹਾਂ ਪੰਜਾਬ ਵਿੱਚ ਕਾਂਗਰਸ ਨੇ ਆਪਣੇ ਗੁੰਡਿਆਂ ਨੂੰ ਹੱਲ੍ਹਾਸ਼ੇਰੀ ਦਿੰਦੇ ਹੋਏ ਦੂਜੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ, ਵਰਕਰਾਂ ਉੱਤੇ ਹਮਲੇ ਕਰਵਾਏ ਅਜਿਹੀ ਘਟੀਆ ਰਾਜਨੀਤੀ ਦੇ ਚਲਦਿਆਂ ਹੀ ਪੰਜਾਬ ਵਿਚ ਅਪਰਾਧੀਆਂ ਦਾ ਅੰਕੜਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਪੁਲਿਸ ਨੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਹੈ ਉਹ ਪਿਛਲੇ ਦਿਨੀਂ ਗੁੰਡਿਆਂ ਦਾ ਸਾਥ ਦਿੰਦੀ ਸਾਹਮਣੇ ਆਈ। ਜਿਹੜੇ ਲੋਕ ਗੁੰਡਿਆਂ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਦੀ ਪੁਲਿਸ ਵੱਲੋਂ ਮਾਰਕੁੱਟ ਕੀਤੀ ਅਤੇ ਅਤੇ ਥਾਣਿਆਂ ਵਿੱਚ ਬੰਦ ਕਰ ਦਿੱਤੇ।

ਉਨ੍ਹਾਂ ਕਿਹਾ ਕਿ ਸੱਤਾ ਦਾ ਆਨੰਦ ਮਾਣਨ ਖਾਤਰ ਕਾਂਗਰਸ ਪਾਰਟੀ ਪੰਜਾਬ ਨੂੰ ਹਨ੍ਹੇਰੇ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਨੂੰ ਹਰ ਪੱਖੋਂ ਨੰਬਰ ਇਕ ਸੂਬਾ ਬਣਾਉਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਸੀ ਕਿ ਮੈਂ ਹਰ ਖੇਤਰ ਵਿੱਚ ਸੁਧਾਰ ਕਰਾਂਗਾ। ਪ੍ਰੰਤੂ ਅੱਜ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਬੈਠੇ ਹਨ ਅਤੇ ਪੰਜਾਬ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਇਸ ਰਿਵਾਇਤ ਦੀ ਸ਼ੁਰੂਆਤ ਕੀਤੀ ਕਿ ਗੁੰਡਾਗਰਦੀ ਦੇ ਸਹਾਰੇ ਲੋਕਾਂ ਉੱਤੇ ਦਹਿਸ਼ਤ ਬਣਾਕੇ ਰੱਖੀ ਜਾਵੇ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਗੁੰਡਾਗਰਦੀ ਤੋਂ ਲੈ ਕੇ ਹਰ ਮਾਫੀਆ ਦੀ ਮੁੱਖੀ ਵਜੋਂ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਖਲਾਕੀ ਤੌਰ ਉੱਤੇ ਇਹ ਜ਼ਿੰਮੇਵਾਰੀ ਲੈਣ ਕਿ ਉਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਿੱਚ ਫੇਲ੍ਹ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਆਪਣਾ ਅਸਤੀਫਾ ਦੇਣ ਜੋ ਸੂਬੇ ਵਿੱਚ ਸਹੀ ਢੰਗ ਨਾਲ ਕਾਨੂੰਨ ਵਿਵਸਥਾ ਨਹੀਂ ਚਲਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ 8 ਮਾਰਚ ਨੂੰ ਪੇਸ਼ ਕਰੇਗੀ ਬਜਟ

ਕੈਪਟਨ ਨੇ ਸਰਕਾਰੀ ਖਜ਼ਾਨਾ ਕੀਤਾ ਖਾਲੀ, ਹੁਣ ਉਸਨੂੰ ਭਰਨ ਲਈ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਧਾ ਰਹੇ ਹਨ : ਹਰਪਾਲ ਚੀਮਾ