- ਕੇਂਦਰ ਕੋਲ ਸ੍ਰੀ ਆਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਸਕੀਮ ‘ਚ ਸ਼ਾਮਲ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 22 ਫਰਵਰੀ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਮਾਰਟ ਸਿਟੀ ਅਤੇ ਅਮਰੁਤ ਯੋਜਨਾਵਾਂ ਤਹਿਤ ਸ਼ਹਿਰੀ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ 1087 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਵਰਚੁਅਲ ਤੌਰ ‘ਤੇ ਨੀਂਹ ਪੱਥਰ ਅਤੇ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਨੌਵੇਂ ਪਾਤਸ਼ਾਹ ਨੂੰ ਸ਼ਰਧਾਂਜਲੀ ਵਜੋਂ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇ।
ਹਾਲ ਹੀ ਵਿੱਚ ਹੋਈਆਂ ਮਿਉਂਸਪਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਦੇਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਫਤਵਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਸਬੂਤ ਹੈ। ਚੋਣਾਂ ਵਿੱਚ ਕੁੱਲ 2206 ਵਾਰਡਾਂ ਵਿੱਚੋਂ 1410 (64 ਫੀਸਦੀ) ਵਾਰਡਾਂ ਵਿੱਚ ਕਾਂਗਰਸ ਦੀ ਜਿੱਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਆਪਣੇ ਲੋਕ ਵਿਰੋਧੀ ਤੇ ਨਕਰਾਤਮਕ ਏਜੰਡੇ ਕਾਰਨ ਖਤਮ ਹੋ ਗਈਆਂ। ਉਨ੍ਹਾਂ ਸ਼ਹਿਰੀ ਖੇਤਰਾਂ ਦੇ ਵਿਕਾਸ ਨੂੰ ਅੱਖੋਂ-ਪਰੋਖੇ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਪ੍ਰਾਜੈਕਟਾਂ ਦੇ ਆਗਾਜ਼ ਨਾਲ ਇਨ੍ਹਾਂ ਖੇਤਰਾਂ ਦਾ ਸਥਾਈ ਵਿਕਾਸ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੇ ਸਾਬਕਾ ਸੰਸਦੀ ਹਲਕੇ ਅੰਮ੍ਰਿਤਸਰ ਸ਼ਹਿਰ ਲਈ 721 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਣ ਦੀ ਉਚੇਚੇ ਤੌਰ ‘ਤੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਪਵਿੱਤਰ ਸ਼ਹਿਰ ਦੇ ਵਸਨੀਕਾਂ ਨੂੰ ਦੂਸ਼ਿਤ ਤੇ ਧਰਤੀ ਹੇਠਲੇ ਲਗਾਤਾਰ ਡਿੱਗਦੇ ਪੱਧਰ ਵਾਲੇ ਪਾਣੀ ਦੀ ਬਜਾਏ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਏਗੀ।
ਸ਼ਹਿਰੀ ਬੁਨਿਆਦੀ ਢਾਂਚਾ ਸੁਧਾਰ ਪ੍ਰੋਗਰਾਮ (ਯੂ.ਆਈ.ਆਈ.ਪੀ.) ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪਣੇ ਪਹਿਲੇ ਪੜਾਅ ਵਿਚ 300 ਕਰੋੜ ਰੁਪਏ ਦੀ ਲਾਗਤ ਨਾਲ 2065 ਕਾਰਜ ਸ਼ੁਰੂ/ਮੁਕੰਮਲ ਕੀਤੇ ਗਏ ਜਦੋਂ ਕਿ ਦੂਜੇ ਪੜਾਅ ਅਧੀਨ 4227 ਕਾਰਜ ਪ੍ਰਵਾਨ ਕੀਤੇ ਗਏ ਅਤੇ 1300 ਕਾਰਜ ਸ਼ੁਰੂ ਕੀਤੇ ਗਏ।
ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਸੁਲਤਾਨਪੁਰ ਲੋਧੀ ਵਿੱਚ ਸਮਾਰਟ ਸਿਟੀ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁੱਲ 3000 ਕਰੋੜ ਰੁਪਏ ਦੀ ਕੁੱਲ ਵਿਵਸਥਾ ਵਿੱਚੋਂ ਇਸ ਯੋਜਨਾ ਅਧੀਨ 1246 ਕਰੋੜ ਰੁਪਏ ਦੀ ਲਾਗਤ ਨਾਲ ਕਾਰਜ ਸ਼ੁਰੂ/ਮੁਕੰਮਲ ਕੀਤੇ ਗਏ। 918 ਕਰੋੜ ਰੁਪਏ ਦੀ ਲਾਗਤ ਦੇ ਕਾਰਜਾਂ ਲਈ ਟੈਂਡਰ ਮੰਗੇ ਗਏ ਹਨ ਅਤੇ 802 ਕਰੋੜ ਰੁਪਏ ਦੇ ਟੈਂਡਰ ਪ੍ਰਕਿਰਿਆ ਅਧੀਨ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਅਕਾਲੀ-ਭਾਜਪਾ ਦੇ ਇੱਕ ਦਹਾਕੇ ਦੇ ਸ਼ਾਸਨ ਕਾਲ ਦੌਰਾਨ (2007-17) ਇਨ੍ਹਾਂ ਸਕੀਮ ਤਹਿਤ ਸਿਰਫ 35 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਅਮਰੁਤ ਯੋਜਨਾ ਤਹਿਤ 16 ਸ਼ਹਿਰਾਂ ਲਈ 2785 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਹਨ ਅਤੇ 2740 ਕਰੋੜ ਰੁਪਏ ਦੇ ਪ੍ਰਾਜੈਕਟਾਂ ਉਤੇ ਕੰਮ ਜਾਰੀ ਹੈ। ਅਕਾਲੀ-ਭਾਜਪਾ ਗਠਜੋੜ ‘ਤੇ ਤੰਜ਼ ਕਸਦਿਆਂ ਮੁੱਖ ਮੰਤਰੀ ਨੇ ਕਿਹਾ, ”ਉਨ੍ਹਾਂ ਇਨ੍ਹਾਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਅਤੇ 10 ਸਾਲਾਂ ਦੇ ਆਪਣੇ ਰਾਜ ਦੌਰਾਨ ਸਿਰਫ 18 ਕਰੋੜ ਰੁਪਏ ਖਰਚ ਕੀਤੇ।” ਉਨ੍ਹਾਂ ਕਿਹਾ ਕਿ ਸਕੀਮਾਂ ਦਾ ਉਦੇਸ਼ 100 ਫੀਸਦੀ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ ਅਤੇ ਹੁਣ ਤੱਕ 1072 ਕਿਲੋਮੀਟਰ ਜਲ ਸਪਲਾਈ ਲਾਈਨ ਅਤੇ 698 ਕਿਲੋਮੀਟਰ ਸੀਵਰੇਜ ਲਾਈਨ ਪਾਉਣ ਤੋਂ ਇਲਾਵਾ 69,304 ਘਰੇਲੂ ਜਲ ਸਪਲਾਈ ਅਤੇ 43,611 ਘਰੇਲੂ ਸੀਵਰੇਜ ਕੁਨੈਕਸ਼ਨ ਦਿੱਤੇ ਗਏ ਹਨ।
ਮੁੱਖ ਮੰਤਰੀ ਵੱਲੋਂਬਰਨਾਲਾ ਵਿਖੇ 105.63 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ 100 ਫੀਸਦੀ ਕਵਰੇਜ ਲਈ ਸੀਵਰੇਜ ਨੈਟਵਰਕ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਵਿਸਥਾਰ ਅਤੇ ਪੁਨਰਸਥਾਪਨ, 5740 ਘਰੇਲੂ ਸੀਵਰੇਜ ਕੁਨੈਕਸ਼ਨਾਂ ਅਤੇ 20 ਐਮ.ਐਲ.ਡੀ. ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ 74 ਕਿਲੋਮੀਟਰ ਸੀਵਰੇਜ ਲਾਈਨ ਪਾਉਣਾ ਸ਼ਾਮਲ ਹੈ। ਪਵਿੱਤਰ ਨਗਰੀ ਅੰਮ੍ਰਿਤਸਰ ਲਈ 20.50 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਅੱਗ ਬੁਝਾਊ ਸੇਵਾਵਾਂ ਦੀ ਅਪਗ੍ਰੇਡੇਸ਼ਨ, ਠੋਸ ਕੂੜਾ-ਕਰਕਟ ਪ੍ਰਬੰਧਨ ਸਹੂਲਤਾਂ ਅਤੇ ਪਾਰਕਾਂ ਅਤੇ ਖੁੱਲ੍ਹੀਆਂ ਥਾਵਾਂ ਦਾ ਵਿਕਾਸ ਸ਼ਾਮਲ ਹੈ ਜਦੋਂ ਕਿ ਖੰਨਾ ਵਿਖੇ25.16ਕਰੋੜ ਰੁਪਏ ਦੀ ਲਾਗਤ ਨਾਲ 29 ਐਮ.ਐਲ.ਡੀ ਸਮਰੱਥਾ ਵਾਲੇ ਐਸ.ਟੀ.ਪੀ. ਦਾ ਉਦਘਾਟਨ ਵੀ ਕੀਤਾ ਗਿਆ।
ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ 24X7 ਨਹਿਰੀ ਜਲ ਸਪਲਾਈ ਯੋਜਨਾ ਲਈ 721.85 ਕਰੋੜ ਰੁਪਏ ਦੇ ਕਾਰਜਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਮੁੱਖ ਕੇਂਦਰ ਸੁਲਤਾਨਪੁਰ ਲੋਧੀ ਸ਼ਹਿਰ ਲਈ 129.33 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਵੀ ਵਰਚੁਅਲ ਤੌਰ ‘ਤੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰਾਜੈਕਟਾਂ ਜਿਸ ਵਿੱਚ ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਤੱਕ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨਾ, ਪਵਿੱਤਰ ਵੇਈਂ ਦੀ ਚੈਨੇਲਾਈਜੇਸ਼ਨ ਅਤੇ ਖੁੱਲ੍ਹੀਆਂ ਥਾਵਾਂ ਦਾ ਨਿਰਮਾਣ, ਕਪੂਰਥਲਾ ਰੋਡ ਵਾਇਆ ਫੱਤੂ ਢੀਂਗਾ ਨੂੰ ਚਹੁੰ-ਮਾਰਗੀ ਕਰਨਾ, ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਨਿਰਮਾਣ, ਅੱਗ ਬੁਝਾਊ ਸੇਵਾਵਾਂ ਦੀ ਮਜ਼ਬੂਤੀ, ਮੋਰੀ ਮੁਹੱਲਾ ਪਾਰਕ, ਕੇਂਦਰੀ ਪਾਰਕ ਅਤੇ ਜਵਾਲਾ ਪਾਰਕ ਨਾਮੀ ਤਿੰਨ ਪਾਰਕਾਂ ਦਾ ਵਿਕਾਸ ਕਰਨਾ ਸ਼ਾਮਲ ਹੈ।
ਇਸੇ ਤਰ੍ਹਾਂ ਜਲੰਧਰ (41 ਕਰੋੜ ਰੁਪਏ) ਵਿਖੇ ਵੱਖ-ਵੱਖ ਕਾਰਜਾਂ ਜਿਵੇਂ ਬਸਤੀ ਪੀਰ ਦਾਦ ਵਿਖੇ 15 ਐਮ.ਐਲ.ਡੀ. ਐਸ.ਟੀ.ਪੀ., ਜਲੰਧਰ ਰੇਲਵੇ ਸਟੇਸ਼ਨ ਦਾ ਨਵੀਨੀਕਰਨ, ਰੌਣਕ ਬਾਜ਼ਾਰ ਦੀ ਬਿਜਲੀ ਲਾਈਨ ਵੰਡ ਪ੍ਰਣਾਲੀ ਦੀ ਅਪਗ੍ਰੇਡੇਸ਼ਨ, ਗਦਾਈਪੁਰ ਵਿਖੇ 5 ਸਾਲਾਂ ਲਈ ਚਲਾਉਣ ਅਤੇ ਸਾਂਭ-ਸੰਭਾਲ (ਓ ਐਂਡ ਐਮ) ਦੇ ਤਹਿਤ ਨਾਲ ਵੇਸਟ ਪ੍ਰੋਸੈਸਿੰਗ ਪਲਾਂਟ, ਅਰਬਨ ਅਸਟੇਟ ਫੇਜ਼-2 ਵਿੱਚ ਨਵੀਂ ਸੜਕ ਅਤੇ ਮੌਜੂਦਾ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਡਿਜੀਟਲਾਈਜੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਲੁਧਿਆਣਾ ਵਿਖੇ 40 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਮਿਉਂਸਪਲ ਕੰਟਰੋਲ ਸੈਂਟਰ ਦੀ ਸਥਾਪਨਾ, ਸ਼ਹਿਰ ਲਈ ਇੱਕ ਏਕੀਕ੍ਰਿਤ ਕਮਾਂਡ ਅਤੇ ਨਿਗਰਾਨ ਕੇਂਦਰ ਅਤੇ ਮਿੰਨੀ ਰੋਜ਼ ਗਾਰਡਨ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਸਬੰਧੀ ਟੈਂਡਰ ਮੰਗੇ ਗਏ ਹਨ।
ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੌਰਾਨ ਸ਼ਹਿਰਾਂ ਦੀ ਸਾਫ-ਸਫਾਈ ਨੂੰ ਪੂਰਨ ਤੌਰ ‘ਤੇ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਨਿੱਜੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਮਿਉਂਸਪਲ ਚੋਣਾਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ‘ਤੇ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਮੌਜੂਦਾ ਸਰਕਾਰ ਦੀਆਂ ਸ਼ਹਿਰਾਂ ਦੇ ਵਿਕਾਸ ਪੱਖੀ ਨੀਤੀਆਂ ਦੇ ਹੱਕ ਵਿੱਚ ਸਪੱਸ਼ਟ ਫਤਵਾ ਹਨ।
ਇਹ ਸਮਾਗਮ ਸੂਬਾ ਭਰ ਵਿੱਚ 900 ਥਾਵਾਂ ‘ਤੇ ਵੀ ਆਨਲਾਈਨ ਮਾਧਿਅਮ ਰਾਹੀਂ ਹੋਇਆ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ ਅਤੇ ਸਾਧੂ ਸਿੰਘ ਧਰਮਸੋਤ ਸਮੇਤ ਵਿਧਾਇਕ, ਮੇਅਰ, ਕੌਂਸਲਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।