ਬਾਦਲ ਪਿੰਡ ‘ਚ ਨਕਲੀ ਸਰਾਬ ਫੈਕਟਰੀ ਮਾਮਲਾ: ਕੈਪਟਨ ਦੇ ਰਾਜ ਵਿੱਚ ਵੀ ਬਾਦਲਾਂ ਦੇ ਘਰ ਤੋਂ ਹੀ ਨਸ਼ੇ ਦਾ ਚੱਲ ਰਿਹਾ ਕਾਰੋਬਾਰ: ਮੀਤ ਹੇਅਰ

.. ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਾਦਲਾਂ ਵੱਲੋਂ ਸ਼ੁਰੂ ਕੀਤੇ ਨਕਲੀ ਸ਼ਰਾਬ ਮਾਫੀਆ ਦੀ ਹੀ ਸਰਕਾਰ
.. ਕੈਪਟਨ ਜੇਕਰ ਤਰਨਤਾਰਨ ਸ਼ਰਾਬ ਮਾਮਲੇ ਅਤੇ ਰਾਜਪੁਰਾ, ਬਨੂੜ ਵਿੱਚ ਫੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਉੱਤੇ ਕਾਰਵਾਈ ਕਰਦੇ ਤਾਂ ਨਸ਼ਾ ਤਸਕਰਾ ਨੂੰ ਨੱਥ ਜ਼ਰੂਰ ਪੈਂਦੀ
.. ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਏ ਸਰਕਾਰ

ਚੰਡੀਗੜ੍ਹ, 23 ਮਈ 2021 – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ‘ਬਾਦਲ’ ਵਿਖੇ ਗੈਰ ਕਾਨੂੰਨੀ ਸ਼ਰਾਬ ਦੀ ਫੈਕਟਰੀ ਫੜ੍ਹੇ ਜਾਣ ਸੰਬੰਧੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਵੀ ਬਾਦਲਾਂ ਦੇ ਘਰ ਤੋਂ ਹੀ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ।

ਐਤਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਦੀ ਧਰਤੀ ‘ਤੇੋ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਚਾਰ ਹਫ਼ਤਿਆਂ ਵਿੱਚ ਹੀ ਨਸ਼ਾ ਮਾਫੀਆ ਦਾ ਖ਼ਤਮ ਕੀਤਾ ਜਾਵੇਗਾ, ਪਰ ਚਾਰ ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚੋਂ ਨਸ਼ਾ ਖ਼ਤਮ ਨਹੀਂ ਕਰ ਸਕੇ। ਹੇਅਰ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਮਾਲਵੇ ਵਿੱਚੋਂ ਹੀ ਨਸ਼ਾ ਨਹੀਂ ਖ਼ਤਮ ਕਰ ਸਕੇ, ਜਿਸ ਦੀ ਉਦਾਹਰਨ ਮੁੱਖ ਮੰਤਰੀ ਦੇ ਸਾਥੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਤੋਂ ਮਿਲਦੀ ਹੈ, ਜਿਥੋਂ ਗੈਰ ਕਾਨੂੰਨੀ ਸ਼ਰਾਬ ਦੀ ਵੱਡੀ ਫ਼ੈਕਟਰੀ ਫੜੀ ਗਈ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਘਰ ਤੋਂ ਚਲਦੀ ਨਜ਼ਾਇਜ ਸ਼ਰਾਬ ਦੀ ਫੈਕਟਰੀ ਨਾਲ ਬਾਦਲ ਪਿੰਡ ਸਮੇਤ ਮਾਲਵੇ ਵਿੱਚ ਕਦੇ ਵੀ ਮੰਦਭਾਗਾ ਹਾਦਸਾ ਵਾਪਰ ਸਕਦਾ ਸੀ, ਜੇ ਇਹ ਸ਼ਰਾਬ ਫੈਕਟਰੀ ਫੜੀ ਨਾ ਜਾਂਦੀ।

ਹੇਅਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਸਲ ਵਿੱਚ ਬਾਦਲਾਂ ਵੱਲੋਂ ਸ਼ੁਰੂ ਕੀਤੇ ਗਏ ਨਕਲੀ ਸ਼ਰਾਬ ਦੇ ਕਾਰੋਬਾਰੀਆਂ ਦੀ ਹੀ ਸਰਕਾਰ ਹੈ। ਸ਼ਰਾਬ ਦੇ ਕਾਰੋਬਾਰੀ ਕੈਪਟਨ ਸਰਕਾਰ ਵਿੱਚ ਮੰਤਰੀ, ਵਿਧਾਇਕ ਅਤੇ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਮੈਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਰਾਜਪੁਰਾ ਤੱਕ ਗੈਰ ਕਾਨੂੰਨੀ ਸ਼ਰਾਬ ਦੀਆਂ ਅਨੇਕਾਂ ਫੈਕਟਰੀਆਂ ਪੂਰੇ ਪੰਜਾਬ ਵਿਚੋਂ ਫੜੀਆਂ ਗਈਆਂ ਹਨ ਅਤੇ ਇਨਾਂ ਫੈਕਟਰੀਆਂ ਦੀ ਗੈਰ ਮਿਆਰੀ ਸ਼ਰਾਬ ਪੀ ਕੇ ਸੂਬੇ ਵਿੱਚ ਹਜ਼ਾਰਾਂ ਵਿਅਕਤੀ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਪੰਜਾਬ ਦੀ ਪੁਲੀਸ ਅਤੇ ਆਬਕਾਰੀ ਵਿਭਾਗ ਨੇ ਨਜ਼ਾਇਜ ਸ਼ਰਾਬ ਦੇ ਕਾਰੋਬਾਰੀਆਂ ਖ਼ਿਲਾਫ਼ ਕੇਵਲ ਪਰਚਾ ਦਰਜ ਕਰਨ ਤੋਂ ਬਾਅਦ ਅੱਗੇ ਕੋਈ ਕਾਰਵਾਈ ਹੀ ਨਹੀਂ ਕੀਤੀ।

ਮੀਤ ਹੇਅਰ ਨੇ ਦੋਸ਼ ਲਾਇਆ ਕਿ ਨਜ਼ਾਇਜ ਸਰਾਬ ਨਾਲ ਹੋ ਰਹੀਆਂ ਮੌਤਾਂ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਕੋਈ ਫ਼ਰਕ ਹੀ ਨਹੀਂ ਪੈ ਰਿਹਾ, ਕਿਉਂਕਿ ਨਜ਼ਾਇਜ ਸ਼ਰਾਬ ਪੀ ਕੇ ਮਰਨ ਵਾਲੇ ਤਾਂ ਆਮ ਪਰਿਵਾਰਾਂ ਦੇ ਜੀਅ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀ ਅਤੇ ਨੇਤਾ ਪੈਸੇ ਦੀ ਭੁੱਖ ਕਾਰਨ ਹਰ ਨੀਵੇਂ ਦਰਜੇ ਦਾ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਵਿਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਖ਼ਬਾਰਾਂ ਵਿੱਚ ਵੱਡੇ ਵੱਡੇ ਬਿਆਨ ਦਿੱਤੇ ਸਨ ਕਿ ਉਹ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ ਪ੍ਰੰਤੂ ਉਨ੍ਹਾਂ ਨੇ ਸ਼ਰਾਬ ਮਾਫ਼ੀਆ ਅੱਗੇ ਗੋਡੇ ਟੇਕਣ ਤੋਂ ਸਿਵਾਏ ਕੁਝ ਨਹੀਂ ਕੀਤਾ।

ਹੇਅਰ ਨੇ ਸਵਾਲ ਕੀਤਾ ਕਿ ਸੂਬੇ ਦੇ ਵਿੱਤ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਪਿੰਡ ਬਾਦਲ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਸ਼ਰਾਬ ਦੇ ਵੱਡੇ ਪਲਾਂਟ ਦਾ ਪਰਦਾਫਾਸ਼ ਹੋਣ ‘ਤੇ ਕੀ ਕਾਂਗਰਸ ਸਰਕਾਰ ਕੋਈ ਵੱਡੀ ਕਾਰਵਾਈ ਕਰੇਗੀ? ਉਨ੍ਹਾਂ ਮੰਗ ਕੀਤੀ ਕਿ ਬਾਦਲ ਪਿੰਡ ਵਿੱਚੋਂ ਨਜਾਇਜ ਸ਼ਰਾਬ ਦੀ ਫੈਕਟਰੀ ਫੜ੍ਹੇ ਜਾਣ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ, ਤਾਂ ਜੋ ਇਹ ਕਾਰੋਬਾਰ ਕਰਨ ਵਾਲਿਆਂ ਦੀ ਸਿਆਸੀ ਲੋਕਾਂ ਨਾਲ ਭਾਈਵਾਲੀ ਸਾਹਮਣੇ ਆ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰਿੰਦਰ ਸਰਕਾਰ ਜਾਣ ਬੁੱਝ ਕੇ ਨਿਵੇਕਸ਼ਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ : ਅਕਾਲੀ ਦਲ

ਨਵਜੋਤ ਸਿੱਧੂ ਨੇ ਕਿਸਾਨ ਮੋਰਚੇ ਦੇ ਸੱਦੇ ‘ਤੇ ਆਪਣੇ ਘਰ ‘ਤੇ ਲਾਇਆ ਕਾਲਾ ਝੰਡਾ (ਵੀਡੀਓ)