ਅਨਾਜ ਖਰੀਦ ਦੀ ਤਾਕਤ ਸਹਾਰੇ ਮੋਦੀ ਸਰਕਾਰ ਕਿਸਾਨਾਂ ਅਤੇ ਕਾਂਗਰਸ ਸਰਕਾਰ ਨੂੰ ਬਣਾ ਰਹੀ ਹੈ ਨਿਸ਼ਾਨਾ – ਸੁਨੀਲ ਜਾਖੜ

  • ਸੰਘਰਸ਼ੀ ਕਿਸਾਨਾਂ ਨੂੰ ਸਬਕ ਸਿਖਾਉਣ ਲਈ ਅਨਾਜ ਖਰੀਦ ਪ੍ਰਿਆ ਗੁੰਝਲਦਾਰ ਕੀਤੀ ਜਾ ਰਹੀ ਹੈ
  • ਕੈਪਟਨ ਸਰਕਾਰ ਦੀ ਸਾਖ਼ ਨੂੰ ਵੱਟਾ ਲਗਾਉਣ ਲਈ ਭਾਜਪਾ ਸਰਕਾਰ ਚੱਲ ਰਹੀ ਹੈ ਚਾਲਾਂ
  • ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ, ਝੋਨੇ ਦੀ ਖਰੀਣ ਸਮੇਂ ਕੇਂਦਰ ਦੀ ਧੱਕੇਸ਼ਾਹੀ ਹੋਵੇਗੀ ਸਿਖ਼ਰ ‘ਤੇ

ਚੰਡੀਗੜ੍ਹ, 24 ਮਾਰਚ 2021 – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਆਪਣੀ ਅਨਾਜ ਖਰੀਦ ਦੀ ਤਾਕਤ ਨੂੰ ਇਕ ਹਥਿਆਰ ਵਜੋਂ ਵਰਤਦਿਆਂ ਕੇਂਦਰ ਦੀ ਮੋਦੀ ਸਰਕਾਰ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਂਦਿਆਂ ਇਕ ਪਾਸੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੇ ਵਧੀਆ ਪ੍ਰਸ਼ਾਸਨ ਰਾਹੀਂ ਲੋਕਾਂ ਵਿਚ ਬਣਾਈ ਚੰਗੀ ਸ਼ਾਖ ਨੂੰ ਵੱਟਾ ਲਗਾਉਣਾ ਲੋਚਦੀ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਨਵੇਂ ਮਾਪਦੰਡ ਤੈਅ ਕਰਨੇ, ਫਸਲ ਵੇਚਣ ਲਈ ਜਮੀਨ ਦੀ ਫਰਦ ਲਾਜਮੀ ਕਰਨੀ, ਫਸਲ ਦੀ ਸਿੱਧੀ ਅਦਾਇਗੀ ਦੀ ਜਿੱਦ ਕਰਨੀ ਅਤੇ ਆਰਡੀਐਫ ਦੇ ਬਹਾਨੇ ਸੀਸੀਐਲ ਸਮੇਂ ਸਿਰ ਜਾਰੀ ਨਾ ਕਰਨੀ ਅਸਲ ਵਿਚ ਮੋਦੀ ਸਰਕਾਰ ਵੱਲੋਂ ਭਵਿੱਖ ਵਿਚ ਪੰਜਾਬ ਨਾਲ ਖੇਡੀ ਜਾਣ ਵਾਲੀ ਮਾੜੀ ਖੇਡ ਦਾ ਟ੍ਰੇਲਰ ਮਾਤਰ ਹੈ ਜਦ ਕਿ ਅਸਲ ਵਿਚ ਭਾਜਪਾ ਆਪਣੇ ਸਿਆਸੀ ਹਿੱਤ ਸਾਧਣ ਲਈ ਇਸਤੋਂ ਵੀ ਨੀਂਵੇ ਦਰਜੇ ਦੀ ਰਾਜਨੀਤੀ ਕਰਦਿਆਂ ਪੰਜਾਬ ਅਤੇ ਇਸਦੇ ਲੋਕਾਂ ਦੀ ਆਰਥਿਕਤਾ ਨੂੰ ਪੂਰੀ ਤਰਾਂ ਨਾਲ ਤਬਾਹ ਕਰਨ ਦੇ ਰਾਹ ਤੁਰੀ ਹੋਈ ਹੈ।

ਉਨਾਂ ਨੇ ਕਿਹਾ ਕਿ ਅਸਲ ਵਿਚ ਆਉਣ ਵਾਲੀ ਕਣਕ ਖਰੀਦ ਪ੍ਰਿਆ ਵਿਚ ਅੜਿੱਕੇ ਡਾਹ ਕੇ ਕੇਂਦਰ ਸਰਕਾਰ ਪੰਜਾਬ ਦੇ ਮੰਡੀ ਸਿਸਟਮ ਨੂੰ ਨਕਾਰਾ ਕਰਨ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਦਨਾਮ ਕਰਨ ਦੀ ਨੀਤੀ ਬਣਾ ਰਹੀ ਹੈ। ਉਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀਆਂ ਇੰਨਾਂ ਨੀਤੀਆਂ ਕਾਰਨ ਮੰਡੀਆਂ ਵਿਚ ਕਿਸਾਨ ਖੱਜਲ ਖੁਆਰ ਹੋਣਗੇ ਤਾਂ ਇਸ ਨਾਲ ਸੂਬਾ ਸਰਕਾਰ ਦੀ ਬਦਨਾਮੀ ਹੋਵੇਗੀ ਅਤੇ ਇਹੀ ਭਾਜਪਾ ਸਰਕਾਰ ਦੇ ਦਿਲ ਦੀ ਰੀਝ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਇਸ ਸਬੰਧੀ ਊੜੀਸਾ ਦੀ ਉਦਾਹਰਨ ਦਿੱਤੀ ਜਿੱਥੇ ਇਸ ਸਮੇਂ ਝੋਨੇ ਦੀ ਖਰੀਦ ਪ੍ਰਿਆ ਚੱਲ ਰਹੀ ਹੈ। ਉਥੇ ਕੇਂਦਰ ਸਰਕਾਰ ਵੱਲੋਂ ਕਿਸਾਨ ਦੀ ਉਪਜ ਦੀ 50 ਫੀਸਦੀ ਤੋਂ ਵੀ ਘੱਟ ਸਰਕਾਰੀ ਖਰੀਦ ਦੀ ਸ਼ਰਤ ਕਾਰਨ ਕਿਸਾਨਾਂ ਦੀ ਫਸਲ ਨਹੀਂ ਵਿਕ ਰਹੀ ਹੈ। ਉਨਾਂ ਨੇ ਕਿਹਾ ਕਿ ਇਸ ਤਰਾਂ ਉੜੀਸਾ ਦੇ ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖਰੀਦ ਸਬੰਧੀ ਲਗਾਈਆਂ ਸ਼ਰਤਾਂ ਕਾਰਨ ਪ੍ਰੇਸਾਨ ਹੋ ਰਹੇ ਹਨ ਅਤੇ ਸੂਬਾ ਸਰਕਾਰ ਦਾ ਇਸ ਵਿਚ ਕੋਈ ਦੋਸ਼ ਨਹੀਂ ਹੈ ਪਰ ਸਥਾਨਕ ਪੱਧਰ ਤੇ ਉਥੇ ਭਾਜਪਾ ਸੂਬਾ ਸਰਕਾਰ ਖਿਲਾਫ ਇਸ ਮੁੱਦੇ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਭਾਜਪਾ ਦੀ ਪੰਜਾਬ ਨੂੰ ਲੈ ਕੇ ਵੀ ਅਜਿਹੀ ਹੀ ਨੀਤੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੀ ਆਰਥਿਕਤਾ ਤੇ ਆਉਣ ਵਾਲੇ ਵੱਡੇ ਖਤਰੇ ਤੋਂ ਸੂਬੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੰੁਦੇ ਹਨ ਕਿਉਂਕਿ ਕਣਕ ਤੋਂ ਬਾਅਦ ਆਉਣ ਵਾਲੇ ਝੋਨੇ ਦੇ ਸੀਜਨ ਦੌਰਾਨ ਤਾਂ ਕੇਂਦਰ ਸਰਕਾਰ ਦਾ ਧੱਕਾ ਸਿਖ਼ਰ ਤੇ ਪੁੱਜ ਜਾਵੇਗਾ ਕਿਉਂਕਿ ਉਸਤੋਂ ਤੁੰਰਤ ਬਾਅਦ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਉਨਾਂ ਨੇ ਕਿਹਾ ਕਿ ਇਸ ਲਈ ਸਾਨੂੰ ਸਭ ਨੂੰ ਬੀਜੇਪੀ ਦੀਆਂ ਇੰਨਾਂ ਪੰਜਾਬ ਮਾਰੂ ਚਾਲਾਂ ਨੂੰ ਸਮਝ ਲੈਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਦੀ ਇਸ ਲੋਕ ਵਿਰੋਧੀ ਨੀਤੀ ਖਿਲਾਫ ਸਾਂਝਾ ਸੰਘਰਸ਼ ਹੋਰ ਤੇਜ ਕਰਨਾ ਚਾਹੀਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਮਿਰ ਖਾਨ ਨੂੰ ਹੋਇਆ ਕੋਰੋਨਾ

ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਹਦਾਇਤਾਂ ਜਾਰੀ