ਚੰਡੀਗੜ੍ਹ, 4 ਮਾਰਚ 2021 – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਜੀਰੋ ਆਵਰ ਸਮੇਂ ਸਰਕਾਰ ਵੱਲੋਂ ਇਕ ਸਰਕਾਰੀ ਹਸਪਤਾਲ ਦੇ ਵਿਸਥਾਰ ਲਈ ਦਿੱਤੀ ਜ਼ਮੀਨ ਨੂੰ ਨਿੱਜੀ ਹਸਪਤਾਲ ਮੈਕਸ ਹਸਪਤਾਲ ਨੂੰ ਦੇਣ ਉੱਤੇ ਸਵਾਲ ਚੁੱਕਿਆ ? ਉਨ੍ਹਾਂ ਕਿਹਾ ਕਿ ਸਰਕਾਰ ਸਦਨ ਨੂੰ ਦੱਸੇ ਕਿ ਅਜਿਹਾ ਕਿਉਂ ਕੀਤਾ ਗਿਆ ?
ਉਨ੍ਹਾਂ ਉਸ ਜ਼ਮੀਨ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਉਸ ਜ਼ਮੀਨ ਨੂੰ ਪਹਿਲਾਂ ਐਸ ਏ ਐਸ ਨਗਰ ਮੈਡੀਕਲ ਕਾਲਜ ਨੂੰ ਦਿੱਤੀ ਗਈ ਸੀ। ਪਹਿਲਾਂ ਉਸ ਸਰਕਾਰੀ ਹਸਪਤਾਲ ਵਿੱਚ 200 ਬੈਡ ਸੀ, ਉਸਦੇ ਬੈਡ ਦੀ ਸਮਰਥਾ ਦਾ ਵਿਸਥਾਰ ਕਰਕੇ ਉਸਨੂੰ 400 ਬੈਡ ਦਾ ਹਸਪਤਾਲ ਬਣਾਉਣ ਲਈ ਇਕ ਏਕੜ ਜ਼ਮੀਨ ਦੇ ਦਿੱਤੇ ਗਈ ਸੀ। ਪੰਜਾਬ ਸਰਕਾਰ ਨੇ ਹੁਣ ਉਸ ਜ਼ਮੀਨ ਨੂੰ ਪ੍ਰਾਈਵੇਟ ਹਸਪਤਾਲ ਮੈਕਸ ਨੂੰ ਦੇ ਦਿੱਤੀ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਸੂਬੇ ਵਿੱਚ ਜਨਤਕ ਸਿਹਤ ਪ੍ਰਬੰਧ ਵਧੀਆ ਬਣੇ? ਜੇਕਰ ਉਹ ਅਜਿਹਾ ਕਰਦੇ ਹਨ ਤਾਂ ਆਰਥਿਕ ਤੌਰ ਉਤੇ ਕਮਜੋਰ ਹੋ ਚੁੱਕੇ ਸਰਕਾਰੀ ਹਸਪਤਾਲਾਂ ਦੀ ਬਜਾਏ ਉਹ ਨਿੱਜੀ ਹਸਪਤਾਲਾਂ ਦਾ ਪੱਖ ਕਿਉਂ ਲੈ ਰਹੇ ਹਨ ?