- ਸਾਰੇ ਮੰਤਰੀਆਂ ਤੇ ਵਿਭਾਗਾਂ ਨੂੰ ‘ਕਾਮਯਾਬ ਤੇ ਖੁਸ਼ਹਾਲ ਪੰਜਾਬ’ ਨੂੰ ਅਮਲੀ ਜਾਮਾ ਪਹਿਨਾਉਣ ਲਈ ਤੇਜ਼ੀ ਨਾਲ ਅੱਗੇ ਵਧਣ ਲਈ ਨਿਰਦੇਸ਼ ਦਿੱਤੇ
ਚੰਡੀਗੜ੍ਹ, 7 ਮਾਰਚ 2021 – ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਵਿੱਚੋਂ ਰਿਕਾਰਡ ਤੋੜ 84.6 ਫੀਸਦੀ ਵਾਅਦੇ ਪਹਿਲਾਂ ਹੀ ਪੂਰੇ ਕਰਨ ਜੋ ਕਿ ਪਹਿਲਾਂ ਕਿਸੇ ਰਾਜਸੀ ਪਾਰਟੀ ਨੇ ਪੂਰੇ ਨਹੀਂ ਕੀਤੇ, ਤੋਂ ਬਾਅਦ ਬਾਕੀ ਰਹਿੰਦੇ ਵਾਅਦੇ ਅਗਲੇ ਇਕ ਸਾਲ ਵਿੱਚ ਪੂਰੇ ਕਰਨ ਦਾ ਵਾਅਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਾਰੇ ਮੰਤਰੀਆਂ ਤੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਐਲਾਨੇ ਗਏ ਸੱਤ ਨੁਕਾਤੀ ‘ਏਜੰਡਾ 2022’ ਨੂੰ ਅੱਗੇ ਵਧਾਉਣ ਲਈ ਤੇਜ਼ੀ ਅਤੇ ਸਰਗਰਮੀ ਨਾਲ ਕੰਮ ਕਰਨ।
ਏਜੰਡੇ ਦਾ ਉਦੇਸ਼ ਅਜਿਹਾ ਸ਼ਾਂਤਮਈ ਮਾਹੌਲ ਸਿਰਜਣਾ ਹੈ ਜੋ ਲੋਕਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਪੂਰਨ ਸਰੱਖਿਆ ਯਕੀਨੀ ਬਣਾਉਣਾ ਅਤੇ ਸਾਰੀਆਂ ਔਖੀਆਂ ਘੜੀਆਂ ਵਿੱਚ ਸਾਰੇ ਪੰਜਾਬੀਆਂ ਦੀ ਜ਼ਿੰਦਗੀ ਅਤੇ ਰੋਜ਼ੀ ਰੋਟੀ ਬਚਾਉਣਾ ਹੈ। ਇਹ ਸੂਬੇ ਦੇ ਸਰਵਪੱਖੀ ਵਿਕਾਸ ਦਾ ਟੀਚਾ ਰੱਖਦਾ ਹੋਇਆ ਲੋਕ ਭਲਾਈ ਦੇ ਦੁਆਲੇ ਕੇਂਦਰਿਤ ਹੈ। ਏਜੰਡੇ ਦਾ ਮੁੱਖ ਨਿਸ਼ਾਨਾ ‘ਕਾਮਯਾਬ ਤੇ ਖੁਸ਼ਹਾਲ ਪੰਜਾਬ’ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਅਗਲਾ ਟੀਚਾ ਸਾਂਝਾ ਕਰਦਿਆਂ ਐਲਾਨ ਕੀਤਾ ਸੀ ਕਿ ਭਵਿੱਖ ਦਾ ਏਜੰਡਾ ਜੋ ਸੂਬਾ ਸਰਕਾਰ ਦੇ ਮੌਜੂਦਾ ਕਾਰਜਕਾਲ ਤੋਂ ਅੱਗੇ ਵੀ ਮੰਚ ਨਿਰਧਾਰਤ ਕਰਦਾ ਹੈ, ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤੱਥ ਨੂੰ ਜਾਣਦੇ ਹੋਏ ਕਿ ਇਸ ਲਈ ਹੋਰ ਸਮੇਂ ਦੀ ਲੋੜ ਹੈ, ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਉਤੇ ਧੰਨਵਾਦ ਮਤੇ ਉਤੇ ਬਹਿਸ ਦੇ ਜਵਾਬ ਵਿੱਚ ਆਪਣੀ ਤਕਰੀਰ ਦੌਰਾਨ ਮੁੱਖ ਮੰਤਰੀ ਨੇ ਕਿਹਾ, ”ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਪੰਜਾਬ ਦੇ ਲੋਕ ਇਸ ਬਾਰੇ ਸੁਚੇਤ ਹਨ।” ਉਨ੍ਹਾਂ ਇਸ ਗੱਲ ਉਤੇ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਸੂਬਾ ਵਾਸੀ ‘ਝੂਠੇ ਵਾਅਦਿਆਂ ਅਤੇ ਸਬਜ਼ਬਾਗ ਦਿਖਾਉਣ ਵਾਲੇ ਪੰਜਾਬ ਤੇ ਪੰਜਾਬੀਅਤ ਤੋਂ ਕੋਰੇ ਅਣਜਾਨ ਕੁਝ ਆਗੂਆਂ’ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ, ਪਰ ਨਾਲ ਹੀ ਉਨ੍ਹਾਂ ਦੀ ਜ਼ਿੰਮੇਵਾਰ ਤੇ ਪਾਰਦਰਸ਼ਤਾ ਵਾਲੀ ਸਰਕਾਰ ਉਤੇ ਵਿਸ਼ਵਾਸ ਪ੍ਰਗਟ ਕਰਨਾ ਜਾਰੀ ਰੱਖਣਗੇ।
ਮੁੱਖ ਮੰਤਰੀ ਵੱਲੋਂ ਕੀਤੇ ਵਾਅਦਿਆਂ ਵਿੱਚ ਨਿਮਨਲਿਖਿਤ 7 ਨੁਕਾਤੀ ਏਜੰਡਾ ਸ਼ਾਮਲ ਹੈ:-
ਅਸੀਂ ਹਰ ਕੀਮਤ ‘ਤੇ ਸੂਬੇ ਦੀ ਜ਼ਰ ਤੇ ਜ਼ਮੀਨ ਦੀ ਪੂਰੀ ਰੱਖਿਆ ਕਰਾਂਗੇ।
ਅਸੀਂ ਸੂਬੇ ਵਿੱਚ ਸਾਰਿਆਂ ਲਈ ਸ਼ਾਂਤਮਈ ਮਾਹੌਲ ਬਣਾਈ ਰੱਖਣਾ ਯਕੀਨੀ ਬਣਾਂਵਾਗੇ।
ਅਸੀਂ ਸਾਰੀਆਂ ਮੁਸ਼ਕਲਾਂ ਤੇ ਸਥਿਤੀਆਂ ਵਿੱਚ ਪੰਜਾਬੀਆਂ ਦੀ ਜ਼ਿੰਦਗੀ ਤੇ ਰੋਜ਼ੀ ਰੋਟੀ (ਜਾਨ ਤੇ ਜਹਾਨ) ਬਚਾਂਵਾਗੇ।
ਅਸੀਂ ਹਰੇਕ ਲੋੜਵੰਦ ਤੱਕ ਪਹੁੰਚ ਕਰਾਂਗੇ ਤਾਂ ਜੋ ਉਨ੍ਹਾਂ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਦੂਰ ਕੀਤੀਆਂ ਜਾ ਸਕਣ ਅਤੇ ਇਸ ਲਈ ਉਨ੍ਹਾਂ ਨੂੰ ਸਰਕਾਰ ਦੇ ਸਮਾਜਿਕ-ਆਰਥਿਕ ਪ੍ਰੋਗਰਾਮ ਤਹਿਤ ਬਣਦੇ ਲਾਭ ਪ੍ਰਦਾਨ ਕਰਾਂਗੇ।
ਅਸੀਂ ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਪੈਰਾਂ ‘ਤੇ ਖੜ੍ਹਨ ਦੇ ਯੋਗ ਬਣਾ ਕੇ ਉਨ੍ਹਾਂ ਦਾ ਸਸ਼ਕਤੀਕਰਨ ਕਰਾਂਗੇ।
ਅਸੀਂ ਸੂਬੇ ਦੀ ਸਾਰੀ ਹੱਕਦਾਰ ਵਸੋਂ ਲਈ ਵਾਜਬ ਭਾਅ ਉਤੇ ਖਾਣਾ ਤੇ ਰਿਹਾਇਸ਼ (ਸਸਤੀ ਰੋਟੀ ਤੇ ਪੱਕੀ ਛੱਤ) ਮੁਹੱਈਆ ਕਰਨਾ ਯਕੀਨੀ ਬਣਾਵਾਂਗੇ।
ਅਸੀਂ ਸੂਬੇ ਦੇ ਹਰੇਕ ਪਿੰਡ ਤੇ ਸ਼ਹਿਰ ਨੂੰ ਇਸ ਤਰੀਕੇ ਨਾਲ ਵਿਕਸਤ ਕਰਾਂਗੇ ਤਾਂ ਜੋ ਹਰੇਕ ਨੂੰ ਗੁਣਵੱਤਾ ਭਰਪੂਰ ਜ਼ਿੰਦਗੀ ਜਿਉਣ ਲਈ ਬਰਾਬਰ ਮੌਕੇ ਮਿਲਣ।
ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਕੀਤੇ 546 ਵਚਨਬੱਧਤਾਵਾਂ/ਵਾਅਦਿਆਂ ਵਿੱਚੋਂ ਉਨ੍ਹਾਂ ਦੀ ਸਰਕਾਰ ਨੇ 455 ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਹਾਊਸ ਨੂੰ ਭਰੋਸਾ ਦਿਵਾਇਆ ਕਿ ਬਾਕੀ ਰਹਿੰਦੇ ਵਾਅਦੇ ਵੀ ਉਨ੍ਹਾਂ ਦੀ ਸਰਕਾਰ ਬਾਕੀ ਰਹਿੰਦੇ ਸਮੇਂ ਵਿੱਚ ਪੂਰਾ ਕਰ ਦੇਵੇਗੀ।