… ਟੁੱਟੀਆਂ ਸੜਕਾਂ ਅਤੇ ਬਿਨਾਂ ਨਾਲੀਆਂ ਦੇ ਮੰਡੀ ਗੋਬਿੰਦਗੜ੍ਹ, ਦੋਰਾਹਾ ਅਤੇ ਪਾਇਲ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋਇਆ : ਅਨਮੋਲ ਗਗਨ ਮਾਨ
… ਅਨਮੋਲ ਗਗਨ ਮਾਨ ਨੇ ਐਮਸੀ ਚੋਣਾਂ ਲਈ ਮੰਡੀ ਗੋਬਿੰਦਗੜ੍ਹ, ਦੋਰਾਹਾ ਅਤੇ ਪਾਇਲ ਵਿੱਚ ਕੀਤੀਆ ਜਨ ਸਭਾਵਾ
ਫ਼ਤਿਹਗੜ੍ਹ/ਲੁਧਿਆਣਾ, 12 ਫਰਵਰੀ 2021 – ਆਮ ਆਦਮੀ ਪਾਰਟੀ ਦੀ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਵੀਰਵਾਰ ਨੂੰ ਮੰਡੀ ਗੋਬਿੰਦਗੜ੍ਹ, ਦੋਰਾਹਾ ਅਤੇ ਪਾਇਲ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਲਈ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਅਤੇ ਕੌਂਸਲਰਾਂ ਨੇ ਪੰਜਾਬ ਦੇ ਲੋਕਾਂ ਦੀ ਹਾਲਤ ਖਸਤਾ ਕਰ ਦਿੱਤੀ ਹੈ। ਅੱਜ ਹਰ ਥਾਂ ਸੜਕਾਂ ਦੀ ਸਥਿਤੀ ਬਹੁਤ ਖ਼ਰਾਬ ਹੈ, ਸ਼ਹਿਰ ਦੀਆਂ ਗਲੀਆਂ ਵਿੱਚ ਨਾਲੀਆਂ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਮੰਡੀ ਗੋਬਿੰਦਗੜ੍ਹ ਦੇ ਇਲਾਕੇ ਵਿੱਚ ਘਰ-ਘਰ ਜਾ ਕੇ ਸੜਕਾਂ ਅਤੇ ਨਾਲੀਆਂ ਦੀ ਖ਼ਰਾਬ ਹਾਲਤ ਦੇਖਦੇ ਹੋਏ ਕਿਹਾ ਕਿ ਇਸ ਲਈ ਸਿੱਧੇ ਤੌਰ ਉੱਤੇ ਸੱਤਾਧਾਰੀ ਕਾਂਗਰਸ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਜਿਸ ਤਰ੍ਹਾਂ ਬਦਲਾਅ ਕੀਤਾ ਅਤੇ ਦਿੱਲੀ ਵਾਸੀਆਂ ਦੇ ਜੀਵਨ ਪੱਧਰ ਨੂੰ ਵਧੀਆ ਬਣਾਇਆ ਇਸੇ ਤਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਪੰਜਾਬ ਦੇ ਸ਼ਹਿਰਾਂ ਦਾ ਵੀ ਦਿੱਲੀ ਦੀ ਤਰ੍ਹਾਂ ਹੀ ਵਿਕਾਸ ਕੀਤਾ ਜਾਵੇਗਾ ਅਤੇ ਚੰਗੀਆਂ ਸਿਹਤ ਸਹੂਲਤਾਵਾਂ ਅਤੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਇਆ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੇ ਸਿਰਫ਼ ਨਿਰਾਸ਼ ਕੀਤਾ ਹੈ।
ਅੱਜ ਟੁੱਟੀਆਂ ਸੜਕਾਂ ਅਤੇ ਬਿਨਾਂ ਨਾਲੀਆਂ ਦੇ ਮੰਡੀ ਗੋਬਿੰਦਗੜ੍ਹ, ਦੋਰਾਹਾ ਅਤੇ ਪਾਇਲ ਦੇ ਲੋਕਾਂ ਨੂੰ ਰਹਿਣਾ ਪੈ ਰਿਹਾ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੇ ਪੰਜਾਬ ਵਿੱਚ ‘ਆਪ’ ਵਰਕਰਾਂ ਨੂੰ ਮਿਲਣ ਵਾਲੇ ਸਾਰੇ ਲੋਕ ਬਸ ਇਕ ਹੀ ਗੱਲ ਕਹਿੰਦੇ ਹਨ ਕਿ ਕਾਂਗਰਸ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ ਅਤੇ ਇਸ ਵਾਰ ਪੰਜਾਬ ਜਨਤਾ ਆਮ ਆਦਮੀ ਪਾਰਟੀ ਨੂੰ ਮੌਕਾ ਦੇਵੇਗੀ ਉਨ੍ਹਾਂ ਲੋਕਾਂ ਨੂੰ ਆਪਣੇ ਸ਼ਹਿਰਾਂ ਦੇ ਵਿਕਾਸ ਕਰਨ ਅਤੇ ਨਗਰ ਕੌਂਸਲ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।