… ਆਪ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਲੋਕ ਪਾਰਟੀ ਵਿੱਚ ਹੋ ਰਹੇ ਨੇ ਸ਼ਾਮਲ : ਜਰਨੈਲ ਸਿੰਘ
… ਪੰਜਾਬ ਦੇ ਨੌਜਵਾਨ ਕੈਪਟਨ ਅਮਰਿੰਦਰ ਤੋਂ ਉਨਾਂ ਦੇ ਝੂਠੇ ਵਾਅਦਿਆਂ ਦਾ ਹਿਸਾਬ 2022 ਦੀਆਂ ਚੋਣਾਂ ‘ਚ ਲੈਣਗੇ
… ਹਰ ਵਰਗ ਦੇ ਲੋਕ ਅੱਜ ਪੰਜਾਬ ਨੂੰ ਬਚਾਉਣ ਲਈ ਇੱਕਠੇ ਹੋ ਕੇ ਆਪ ਵਿੱਚ ਹੋ ਰਹੇ ਨੇ ਸ਼ਾਮਲ
… ਭਾਜਪਾ ਅਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਕਾਰਨ ਲੋਕ ਪੁਰਾਣੀਆਂ ਪਾਰਟੀਆਂ ਛੱਡ ਰਹੇ ਨੇ
ਚੰਡੀਗੜ੍ਹ, 14 ਅਪ੍ਰੈਲ 2021 – ਆਮ ਆਦਮੀ ਪਾਰਟੀ ਦਾ ਕਾਫ਼ਿਲਾ ਪੰਜਾਬ ਵਿੱਚ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ। ਹਰ ਦਿਨ ਪ੍ਰਸਿੱਧ ਵਿਅਕਤੀ ਆਪ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜੀਵ ਭਗਤ, ਭਾਰਤੀ ਜਨਤਾ ਪਾਰਟੀ ਦੇ ਅਖਤਿਆਰ ਸਿੰਘ ਸਦਿਓਰਾ ਅਤੇ ਕਾਂਗਰਸ ਦੇ ਹੀ ਆਗੂ ਗੁਰਸ਼ਰਨ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਆਪ ਵਿੱਚ ਸ਼ਾਮਲ ਹੋਏ। ਪਾਰਟੀ ਦੇ ਚੰਗੀਗੜ ਸਥਿਤ ਮੁੱਖ ਦਫ਼ਤਰ ਵਿੱਚ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਜਰਨੈਲ ਸਿੰਘ ਅਤੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਆਪ ਵਿੱਚ ਆਉਣ ‘ਤੇ ਜੀ ਆਇਆ ਨੂੰ ਆਖਿਆ। ਇਸ ਸਮੇਂ ਪਾਰਟੀ ਦੇ ਹੋਰ ਸੀਨੀਅਰ ਅਹੁਦੇਦਾਰ ਅਤੇ ਜ਼ਿਲਿਆਂ ਦੇ ਆਗੂ ਹਾਜ਼ਰ ਸਨ।
ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀਨੀਅਰ ਕਾਂਗਰਸੀ ਆਗੂ ਰਾਜੀਵ ਭਗਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਮੈਂਬਰ ਰਹੇ ਹਨ। ਉਹ ਸਾਲ 2014 ਤੋਂ 2016 ਤੱਕ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਵੀ ਰਹੇ, ਜਦੋਂ ਕਿ 2003 ਤੋਂ 2007 ਤੱਕ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਮੈਂਬਰ ਅਤੇ 1998 ਤੋਂ 2008 ਤੱਕ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਵੀ ਰਹੇ ਹਨ। ਰਾਜੀਵ ਭਗਤ ਨੇ ਸੂਬੇ ‘ਚ ਭਗਤ ਕਬੀਰ ਪ੍ਰਚਾਰ ਸਮਿਤੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।
ਪਾਰਟੀ ਵਿੱਚ ਸ਼ਾਮਲ ਹੋਏ ਮੋਗਾ ਦੇ ਮੂਲ ਨਿਵਾਸੀ ਅਖਤਿਆਰ ਸਿੰਘ ਸਦਿਓਰਾ ਭਾਜਪਾ ਪੰਜਾਬ ਦੇ ਭਾਰੀ ਉਦਯੋਗ ਸੈਲ ਦੇ ਪ੍ਰਧਾਨ ਰਹੇ ਹਨ। ਅਖਤਿਆਰ ਸਿੰਘ ਸਦਿਓਰਾ ਪੰਜਾਬ ਦੀ ਪ੍ਰਮੁੱਖ ਖੇਤੀ ਖੇਤਰ ਦੀ ਕੰਪਨੀ ਮਾਧੋ ਐਗਰੋ ਇੰਡਸਟਰੀ ਚਲਾ ਰਹੇ ਹਨ ਅਤੇ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਅੱਗੇ ਹੋ ਕੇ ਸੇਵਾ ਕਰਦੇ ਹਨ। ਸਦਿਓਰਾ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਉਹ ਦਿੱਲੀ ਵਿਖੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵੱਧ ਚੜ ਕੇ ਭਾਗ ਲੈ ਰਹੇ ਹਨ। ਇਸੇ ਤਰਾਂ ਇੱਕ ਹੋਰ ਕਾਂਗਰਸ ਪਾਰਟੀ ਦੇ ਆਗੂ ਗੁਰਸ਼ਰਨ ਸਿੰਘ ਨੇ ਆਪ ਵਿੱਚ ਸ਼ਮੂਲੀਅਤ ਕੀਤੀ ਹੈ, ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ । ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਉਦਯੋਗਿਕ ਬੋਰਡ ਦੇ ਸਾਬਕਾ ਮੈਂਬਰ ਵੀ ਰਹਿ ਚੁੱਕੇ ਹਨ। ਸਮਾਜ ਵਿੱਚ ਹਿੱਸਾ ਪਾਉਂਦਿਆਂ ਗੁਰਸ਼ਰਨ ਸਿੰਘ ਨੇ ਉਨਾਂ 17 ਪੰਜਾਬੀਆਂ ਨੂੰ ਸ਼ਾਰਜਾਹ ਦੀ ਕੈਦ ਵਿੱਚੋਂ ਰਿਹਾ ਕਰਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ, ਜਿਨਾਂ ਨੂੰ 2011 ਵਿੱਚ ਇੱਕ ਪਾਕਿਸਤਾਨੀ ਵਿਅਕਤੀ ਮਿਸਰੀ ਖਾਨ ਦੇ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਉਨਾਂ ਸਾਲ 2013 ‘ਚ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਵਿੱਚ ਕੈਪਟਨ ਅਮਰਿੰਦਰ ਸਿੰਘ ਦ ਸੋਸ਼ਲ ਮੀਡੀਆ ਪ੍ਰਭਾਰੀ ਦੇ ਤੌਰ ‘ਤੇ ਵੀ ਕੰਮ ਕੀਤਾ ਸੀ ਅਤੇ ਉਹ ਕਈ ਸਮਾਜਿਕ ਸੰਗਠਨਾਂ ਨਾਲ ਵੀ ਜੁੜੇ ਹੋਏ ਹਨ। ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਲਾਈ ਹਰੇਕ ਸੇਵਾ ਨੂੰ ਜ਼ਿੰਮੇਵਾਰੀ ਨਾਲ ਨਿਭਾਉਣਗੇ।
ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਵੱਡੀ ਗਿਣਤੀ ‘ਚ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵਪੱਧਰੀ ਬਣਾਇਆ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਚੰਗਾ ਕਰਕੇ ਵਿਕਾਸ ਦਾ ਨਵਾਂ ਮਾਡਲ ਪੇਸ਼ ਕੀਤਾ ਹੈ। ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ।
ਜਦੋਂ ਕਿ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਟਿੱਪਣੀ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਕਾਰਨ ਲੋਕ ਕਾਂਗਰਸ ਪਾਰਟੀ ਛੱਡ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾ ਵਿੱਚ ਜਿਹੜੇ ਵਾਅਦੇ ਕੀਤੇ ਸਨ ਉਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨਾਂ ਕਿਹਾ ਪੰਜਾਬ ਦੇ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਤੋਂ ਉਸ ਦੇ ਝੂਠੇ ਵਾਅਦਿਆਂ ਦਾ ਹਿਸਾਬ 2022 ਦੀਆਂ ਵਿਧਾਨ ਸਭਾ ਚੋਣਾ ਸਮੇਂ ਜ਼ਰੂਰ ਲੈਣਗੇ।