ਪਟਿਆਲਾ, 29 ਅਗਸਤ, 2025: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਦੀਆਂ ਤਰੁੱਟੀਆਂ ਪੂਰਨ ਕਾਪੀਆਂ ਨੂੰ ਨਸ਼ਟ ਕਰਨ ਦੇ ਤਰੀਕੇ ਨੂੰ ਬੇਅਦਬੀ ਕਰਾਰ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸਦਾ ਨੋਟਿਸ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ‘ਚ ਇੱਕ ਵਿਸ਼ੇਸ਼ ਵਫਦ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਪਹੁੰਚਿਆ, ਜਿੱਥੇ ਸਬੰਧਿਤ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਹੁੰਚੇ ਗੁ. ਦੂਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਜੀ ਨੇ ਪਸ਼ਚਾਤਾਪ ਦੀ ਅਰਦਾਸ ਕਰਦਿਆਂ ਸੇਵਾ ਅਰੰਭ ਕਰਵਾਈ ਅਤੇ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਸਸਕਾਰ ਲਈ ਗੋਇੰਦਵਾਲ ਸਾਹਿਬ ਲੈ ਜਾਇਆ ਗਿਆ।
ਇਸ ਮੌਕੇ ਬੋਲਦਿਆਂ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਜਦੋਂ ਕੋਈ ਵੀ ਧਾਰਮਿਕ ਗ੍ਰੰਥ, ਪੋਥੀ ਜਾਂ ਸ੍ਰੋਤ ਪੁਸਤਕਾਂ ਨੂੰ ਨਸ਼ਟ ਕੀਤਾ ਜਾਂਦਾ ਹੈ ਤਾਂ ਉਸ ਦਾ ਕੋਈ ਵਿਧੀ ਵਿਧਾਨ ਹੁੰਦਾ ਹੈ ਕਿਉਂਕਿ ਇਹ ਕੋਈ ਆਮ ਪੁਸਤਕ ਨਹੀਂ ਹੁੰਦੀ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਸਿੱਖੀ ਅੰਦਰ ਇਹ ਵਿਧਾਨ ਹੈ ਕਿ ਇਤਿਹਾਸਿਕ ਗ੍ਰੰਥਾਂ ਪੋਥੀਆਂ ਅਤੇ ਪੁਸਤਕਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਲੈ ਜਾਇਆ ਜਾਂਦਾ ਹੈ ਜਿੱਥੇ ਪਾਵਨ ਮਰਯਾਦਾ ਅਨੁਸਾਰ ਸੰਸਕਾਰ ਹੁੰਦਾ ਹੈ। ਇੱਥੇ ਵੀ ਅਜਿਹਾ ਹੋਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਹੈ। ਪਰ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਸੰਸਥਾ ਨੂੰ ਇਤਲਾਹ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗਲਤੀ ਹੋਈ ਸੀ ਉਸ ਨੂੰ ਨਸ਼ਟ ਕੀਤਾ ਜਾਣਾ ਸੀ ਤਾਂ ਸੰਸਥਾ ਨਾਲ ਗੱਲ ਕਰਦੇ ਅਤੇ ਸੰਸਥਾ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਪੂਰੀ ਮਰਯਾਦਾ ਅਨੁਸਾਰ ਸਸਕਾਰ ਕੀਤਾ ਜਾਂਦਾ।

ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਇਸ ਪਿੱਛੇ ਸਿੱਖੀ ਦੀ ਮਹਿਕ ਨੂੰ ਗੰਧਲਾ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਯੂਨੀਵਰਸਿਟੀ ਦੇ ਵਿਦਵਾਨਾਂ ਤੋਂ ਸਮੁੱਚਾ ਪੰਥ ਸੇਧ ਲੈਂਦਾ ਹੈ ਉੱਥੇ ਹੀ ਅਜਿਹੀ ਘਟਨਾ ਵਾਪਰੇ ਇਹ ਅੱਤ ਨਿੰਦਣਯੋਗ ਹੈ। ਇਸ ਮੌਕੇ ਯੂਨਾਇਟਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਨੇ ਸਹਿਯੋਗ ਦੇਣ ਲਈ ਸੁਰਜੀਤ ਸਿੰਘ ਗੜ੍ਹੀ ਅਤੇ ਹੋਰਨਾਂ ਮੈਂਬਰਾਂ ਦਾ ਧੰਨਵਾਦ ਕੀਤਾ। ਯੂਨਾਇਟਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜੁਗਰਾਜ ਸਿੰਘ ਮਝੈਲ ਨੇ ਦੱਸਿਆ ਕਿ ਅੱਜ ਲੋੜ ਹੈ ਕਿ ਯੂਨੀਵਰਸਿਟੀ ‘ਚ ਮੌਜੂਦ ਇਤਿਹਾਸਿਕ ਖਜ਼ਾਨੇ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇ।
ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਯਾਦਵਿੰਦਰ ਸਿੰਘ ਨੇ ਮੰਗ ਕੀਤੀ ਜਿੱਥੇ ਇਸ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਸ ਦੇ ਨਾਲ ਹੀ ਮਹਾਨ ਕੋਸ਼ ਤਿਆਰ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
